ਨਸ਼ਿਆਂ ਦੇ ਪਸਾਰੇ ਤੋਂ ਦੁੱਖੀ ਹੋ ਕੇ ਵਿਦੇਸ਼ਾਂ ਚ ਜਾਣ ਦਾ ਰੁਝਾਨ ਕਾਫ਼ੀ ਰੁੱਕਿਆ – ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 29 ਜੁਲਾਈ (ਮੁਨੀਸ਼ ਸ਼ਰਮਾ) : ਅੱਜ ਅਜਨਾਲਾ ਤੋਂ ਹਲਕਾ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਹਲਕੇ ਵਿਖੇ ਸੈਲਫ ਡਿਫੈਂਸ ਕਮੇਟੀਆਂ , ਗ੍ਰਾਮ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਤੇ ਯੂਥ ਕਲੱਬਾਂ ਦੀ ਭਰਵੀਂ ਸ਼ਮੂਲੀਅਤ ਨਾਲ ਕੰਦੋਵਾਲੀ, ਸੰਤੂ ਨੰਗਲ, ਪਠਾਨ ਨੰਗਲ, ਤੇ ਚੇਤਨਪੁਰਾ ਪਿੰਡਾਂ ਚ ਕਰਵਾਈਆਂ ਗਈਆਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਯਾਤਰਾ ਪ੍ਰਭਾਵਸ਼ਾਲੀ ਰੈਲੀਆਂ ਦੌਰਾਨ ਸਮੂਹ ਹਾਜ਼ਰੀਨ, ਜਿਨ੍ਹਾਂ ਚ ਨੌਜੁਆਨਾ ਤੇ ਔਰਤਾਂ ਵੀ ਵੱਡੀ ਗਿਣਤੀ ਚ ਸ਼ਾਮਲ ਸਨ, ਨੂੰ ਨਸ਼ਿਆਂ ਦੇ ਖਾਤਮੇ ਲਈ ਛੇੜੀ ਗਈ ਜੰਗ ਦਾ ਪ੍ਰਮੁੱਖ ਹਿੱਸਾ ਬਣਨ ਲਈ ਸਮੂਹਿਕ ਸਹੁੰ ਚੁਕਵਾਈ। ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸ.ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਗੁਰੂਆਂ , ਪੀਰਾਂ, ਫਕੀਰਾਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢਿਆ ਯੁੱਧ ਨਸ਼ਿਆਂ ਵਿਰੁੱਧ ਫੈਸਲਾਕੁੰਨ ਦੌਰ ‘ਚ ਪੁੱਜ ਚੁੱਕਾ ਹੈ। 23 ਹਜਾਰ ਦੇ ਕਰੀਬ ਤਸਕਰਾਂ ਨੂੰ ਰੰਗੇ ਹੱਥੀ ਦਬੋਚ ਕੇ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਣੇ 12 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੇ ਜਾਣ ਨਾਲ ਨਸ਼ਾ ਤਸਕਰ ਪੰਜਾਬ ਤੋਂ ਬਾਹਰਲੇ ਸੂਬਿਆਂ ਨੂੰ ਜਾਣ ਲਈ ਵੀ ਮਜਬੂਰ ਹੋ ਰਹੇ ਹਨ। ਸੂਬਾ ਮਾਨ ਸਰਕਾਰ ਵਲੋਂ ਨਿਸ਼ਾਨਾ ਮਿੱਥ ਕੇ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਿਲ ਰਹੇ ਸਾਰਥਿਕ ਨਤੀਜਿਆਂ ਤੋਂ ਮਾਵਾਂ ਨੂੰ ਆਪਣੇ ਪੁੱਤ, ਭੈਣਾਂ ਨੂੰ ਭਰਾ ਅਤੇ ਪਤਨੀ ਨੂੰ ਆਪਣੇ ਪਤੀ ਦੇ ਨਸ਼ਿਆਂ ਤੋਂ ਬੱਚ ਜਾਣ ਦੀ ਪੱਕੀ ਉਮੀਦ ਬੱਝ ਗਈ ਹੈ ਅਤੇ ਨਸ਼ਿਆਂ ਦੇ ਪ੍ਰਕੋਪ ਦੀ ਚੁੰਗਲ ‘ਚੋਂ ਬਚਾਉਣ ਲਈ ਘਰ, ਜ਼ਮੀਨਾਂ ਵੇਚ ਕੇ ਲੱਖਾਂ ਰੁਪਏ ਖਰਚ ਕਰਕੇ ਮਾਪਿਆਂ ਵਲੋਂ ਟਰੈਵਲ ਏਜੰਟਾਂ ਰਾਹੀਂ ਬੱਚਿਆਂ ਨੂੰ ਕਾਨੂੰਨੀ ਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਚ ਭੇਜਣ ਦੀ ਤਿੱਖੀ ਚੱਲ ਰਹੀ ਰਫ਼ਤਾਰ ਨੂੰ ਠੱਲ ਪਈ ਹੈ, ਜਿਸਦਾ ਪ੍ਰਤੱਖ ਪਰਮਾਣ ਆਈਲਟਸ ਕਰਨ ਪਿੱਛੋਂ ਵਿਦੇਸ਼ਾਂ ਵੱਲ ਉਡਾਰੀ ਭਰਨ ਲਈ ਨੌਜੁਆਨਾਂ ਵਲੋਂ ਬੈਂਕਾਂ ਤੋਂ ਲਏ ਜਾਂਦੇ ਕਰਜ਼ੇ ਦੇ ਅੰਕੜੇ ਚ 3 ਫ਼ੀਸਦ ਗਿਰਾਵਟ ਦਰਜ ਹੋਈ ਹੈ ਅਤੇ ਅੰਕੜਿਆਂ ਚ ਆਈ ਗਿਰਾਵਟ ਕੌਮੀ ਪੱਧਰ ਤੇ ਬੈਂਕਾਂ ਦੇ ਜਾਰੀ ਹੋਏ ਕਰਜ਼ਿਆਂ ਚ ਦਰਸਾਏ ਗਏ ਹਨ ,ਨੌਜੁਆਨ ਹੁਣ ਵਿਦੇਸ਼ਾਂ ਲਈ ਪਰਵਾਸ ਦੀ ਉਡਾਣ ਭਰਨ ਦੀ ਬਜਾਏ ਪੰਜਾਬ ਚ ਨੌਕਰੀਆਂ ਸਣੇ ਆਪਣੇ ਕੰਮ ਧੰਦੇ ਖੋਲ੍ਹਣ ਵੱਲ ਤੁਰ ਪਏ ਹਨ, ਜੋ ਸਰਕਾਰ ਦੀ ਇਕ ਮਹੱਤਵਪੂਰਨ ਪ੍ਰਾਪਤੀ ਹੈ। ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਹਿੱਕ ਠੋਕ ਕੇ ਮਾਣ ਮੱਤੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਅਤੇ ਕਿਹਾ ਕਿ ਪਹਿਲੀ ਮਾਰਚ ਤੋਂ ਸੁੜ੍ਹੁ ਹੋਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ 151 ਦਿਨ ਚ ਦਾਖਲ ਹੋ ਗਈ ਹੈ ਅਤੇ ਬੀਤੇ ਕੱਲ੍ਹ 150 ਦਿਨਾਂ ਚ 23 ਹਜ਼ਾਰ800 ਤਸਕਰਾਂ ਨੂੰ ਰੰਗੇ ਹਥੀ ਗ੍ਰਿਫਤਾਰ ਕਰਕੇ 13 ਕਰੋੜ ਡਰੱਗ ਮਨੀ ਤੇ ਅਰਬਾਂ ਰੁਪਏ ਮੁੱਲ ਦੇ ਹੈਰੋਇਨ ਸਣੇ ਹੋਰ ਨਸ਼ੀਲੇ ਪਦਾਰਥ ਬਰਾਮਦ ਕਰਨ ਚ ਪੁਲੀਸ ਸਫਲ ਰਹੀ ਹੈ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਸਾਬਕਾ ਸਰਪੰਚ ਸੁੱਖ ਕੰਦੋਵਾਲੀ, ਗੁਰਜੰਟ ਸਿੰਘ ਸੋਹੀ, ਪੀ ਏ ਮੁਖਤਾਰ ਸਿੰਘ ਬਲੜਵਾਲ ਸਮੇਤ ਹੋਰ ਅਧਿਕਾਰੀ ਤੇ ਡਿਫੈਂਸ ਕਮੇਟੀਆਂ ਦੇ ਆਹੁਦੇਦਾਰ, ਪੰਚ ਸਰਪੰਚ, ਮੋਹਤਬਰ ਵੱਡੀ ਗਿਣਤੀ ‘ਚ ਮੌਜੂਦ ਸਨ।
ਕੈਪਸ਼ਨ: ਹਲਕਾ ਅਜਨਾਲਾ ਦੇ ਵੱਖ ਵੱਖ ਪਿੰਡਾਂ ‘ਚ ਨਸ਼ਾ ਮੁਕਤੀ ਯਾਤਰਾਵਾਂ ਦੌਰਾਨ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ।