Advertisement

ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਸਹਿਜ ਪਾਠ ਦੇ ਪਾਏ ਭੋਗ

ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਸਹਿਜ ਪਾਠ ਦੇ ਪਾਏ ਭੋਗ

ਅੰਮ੍ਰਿਤਸਰ 5, ਅਗਸਤ (ਮੁਨੀਸ਼ ਸ਼ਰਮਾ) :  ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.), ਅੰਮ੍ਰਿਤਸਰ ਦੇ ਵਿਹੜੇ ਵਿੱਚ ਪਿੰਗਲਵਾੜਾ ਸੰਸਥਾ ਦੇ ਬਾਨੀ ਅਤੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਆਖਰੀ ਪੜਾਅ ਵਿੱਚ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਪਿੰਗਲਵਾੜਾ ਸੰਸਥਾ ਦੇ ਬੱਚਿਆਂ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ।  ਇਹਨਾਂ ਬੱਚਿਆਂ ਤੋਂ ਇਲਾਵਾ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਰਾਜੇਵਾਲ-ਰੋਹਣੋਂ ਦੇ ਕੀਰਤਨੀ ਜਥੇ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਗੁਰਮਤਿ ਕਾਲਜ ਚੌਂਤਾ ਸਾਹਿਬ ਦੇ ਬੱਚਿਆਂ, ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਵੱਲੋਂ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਕੀਰਤਨ ਸਰਵਣ ਕਰਾ ਕੇ ਨਿਹਾਲ ਕੀਤਾ। ਇਸ ਮੌਕੇ ਉਚੇਚੇ ਤੋਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱੜਗੱੱਜ ਨੇ ਉਚੇਚੇ ਤੋਰ ‘ਤੇ ਹਾਜ਼ਰੀ ਭਰੀ, ਉਹਨਾਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਰੱਬ ਦੇ ਘਰ ਨੂੰ ਪ੍ਰੈਕਟੀਕਲ ਰੂਪ ਵਿੱਚ ਸਮਾਜ ਨੂੰ ਦਿਖਾਇਆ, ਉਹਨਾਂ ਕਿਹਾ ਕਿ ਦਹਾਕੇ ਪਹਿਲਾਂ ਵਾਤਾਵਰਨ ਤੇ ਸਮਾਜ ਪ੍ਰਤੀ ਪ੍ਰਗਟਾਈ ਗਈ ਭਗਤ ਪੂਰਨ ਸਿੰਘ ਜੀ ਦੀ ਫ਼ਿਕਰ ਅੱਜ ਸਾਡੇ ਸਾਹਮਣੇ ਦਿੱਖ ਰਹੀ ਹੈ। ਉਹਨਾਂ ਦੀ ਦੂਰ ਦ੍ਰਿਸ਼ਟੀ  ਨੇ ਹਮੇਸ਼ਾ ਸਮਾਜ ਨੂੰ ਚੰਗੀ ਸੇਧ ਦਿੱਤੀ ਹੈ।  ਇਸ ਮੌਕੇ ਭਾਈ ਕੁਲਦੀਪ ਸਿੰਘ ਜੀ ਹੈੱਡ ਗ੍ਰੰਥੀ ਸ਼ਹੀਦਾਂ ਸਾਹਿਬ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਤ  ਪੂਰਨ ਸਿੰਘ ਜੀ ਨੇ ਬਾਣੀ ਨੂੰ ਅਸਲ ਅਰਥਾਂ ਵਿੱਚ ਆਪਣੀ ਜ਼ਿੰਦਗੀ ਵਿੱਚ ਉਤਾਰਿਆ ਅਤੇ ਕਰੋੜਾਂ ਲੋਕਾਂ ਵਿੱਚ ਕੋਈ ਵਿਰਲਾ ਹੀ ਹੋਵੇਗਾ ਜੋ ਮਨੁੱਖਤਾ ਦੀ ਭਲਾਈ ਲਈ ਇਸ ਤਰ੍ਹਾਂ ਫ਼ਿਕਰਮੰਦ ਹੋਵੇ। ਉਹਨਾਂ ਕਿਹਾ ਕਿ ਅੱਜ ਦੇ ਮੌਕੇ ਭਗਤ ਜੀ ਦੇ ਦਿਖਾਏ ਰਾਹਾਂ ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਇਸ ਮੌਕੇ ਪਿੰਗਲਵਾੜਾ ਸੰਸਥਾ ਵੱਲੋਂ ਤਿੰਨ ਕਿਤਾਬਾਂ (ਧੲਮੋਚਰੳਚੇ, ੍ਹਸਿ ਸ਼ੳਚਰੲਦ ਭੁਰਦੲਨ ਲੇਖਿਕਾ ਰੀਮਾ ਆਨੰਦ ਅਤੇ ਰਾਹ ਅੱਕਾਂ ਤੋਂ ਕੌੜੇ) ਔਰਤਾਂ ਦੀ ਹਾਲਤ ਨੂੰ ਬਿਆਨ ਕਰਦੀ ਡਾ. ਇੰਦਰਜੀਤ ਕੌਰ ਵੱਲੋਂ ਸੰਪਾਦਿਕ ਪੁਸਤਕਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਰਿਲੀਜ਼ ਕੀਤੀਆਂ। ਇਸ ਤੋਂ ਇਲਾਵਾ ਪਿੰਗਲਵਾੜਾ ਸੰਸਥਾ ਦੀਆਂ ਗਤੀਵਿਧੀਆਂ ਨੂੰ ਦਰਸਾਉਂਦਾ “ਵਿਸ਼ੇਸ਼ ਅੰਕ” ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਉਹ ਭਗਤ ਪੂਰਨ ਸਿੰਘ ਵੱਲੋਂ ਤੇ ਪਿੰਗਲਵਾੜਾ ਸੰਸਥਾ ਵੱਲੋਂ ਜੋ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਨਤਮਸਤਕ ਕਰਦੇ ਹਾਂ, ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਿੰਗਲਵਾੜਾ ਸੰਸਥਾ ਦੇ ਜ਼ਰੂਰ ਦਰਸ਼ਨ ਕਰਾਉਣ ਅਤੇ ਭਗਤ ਪੂਰਨ ਸਿੰਘ ਜੀ ਦੀ ਨਿਸ਼ਕਾਮ ਸੇਵਾ ਤੋਂ ਜਾਣੂੰ ਕਰਾਉਣ ਤਾਂ ਉਹਨਾਂ ਕੀਤੀ ਸੇਵਾ ਨੂੰ ਬੱਚੇ ਆਪਣੇ ਜੀਵਨ ਵਿੱਚ ਅਪਨਾਉਣ। ਇਸ ਮੌਕੇ ਕਈ ਦਹਾਕਿਆਂ ਤੋਂ ਪਿੰਗਲਵਾੜਾ ਸੰਸਥਾ ਵਿੱਚ ਰਹਿ ਕੇ ਸੇਵਾ ਕਰ ਰਹੀਆਂ ਦੋ ਸਖ਼ਸ਼ੀਅਤਾਂ ਬੀਬੀ ਮਹਿੰਦਰ ਕੌਰ ਅਤੇ ਬੀਬੀ ਹਰਤੇਜਪਾਲ ਕੌਰ ਜੀ ਨੂੰ ਭਗਤ ਪੂਰਨ ਸਿੰਘ  ਮਾਨਵ ਸੇਵਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਦੋਹਾਂ ਬੀਬੀਆਂ ਨੂੰ ਜੋ ਰਾਸ਼ੀ ਪਿੰਗਲਵਾੜਾ ਸੰਸਥਾ ਵੱਲੋਂ ਭਗਤ ਪੂਰਨ ਸਿੰਘ ਮਾਨਵ ਸੇਵਾ ਐਵਾਰਡ ਨਾਲ ਦਿੱਤੀ ਗਈ ਉਹ  ਰਾਸ਼ੀ ਉਹਨਾਂ ਨੇ ਬੀਬੀ ਡਾ. ਇੰਦਰਜੀਤ ਕੌਰ ਜੀ ਦੇ ਬਾਟੇ ਵਿੱਚ ਪਾ ਦਿੱਤੀ। ਇਸ ਮੌਕੇ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਭਗਤ ਪੂਰਨ ਸਿੰਘ  ਐਵਾਰਡ ਨਾਲ ਸਨਮਾਨਿਤ ਦੋਵਾਂ ਸਖਸ਼ੀਅਤਾਂ ਦਾ ਹੌਂਸਲਾ ਅਫ਼ਜਾਈ ਕੀਤੀ। ਦੇਸ਼-ਵਿਦੇਸ਼ ਤੋਂ ਸੰਗਤਾਂ ਦਾ ਠਾਠਾਂ ਮਾਰਦਾ ਵੱਡਾ ਇਕੱਠ  ਭਗਤ ਜੀ ਨੂੰ ਸਰਧਾਂਜਲੀ ਦੇਣ ਲਈ ਵੱਖ-ਵੱਖ ਥਾਵਾਂ ਤੋਂ ਪੁੱਜਾ। ਇਸ ਸਮੇਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਵਾਤਾਵਰਨ ਨੂੰ ਬਚਾਉਣ ਲਈ ਕਈ ਬੁਲਾਰਿਆਂ ਜਿਵੇਂ ਕਿਸਾਨ ਆਗੂ ਸ੍ਰ. ਬਲਬੀਰ ਸਿੰਘ ਰਾਜੇਵਾਲ, ਮੈਡਮ ਗੀਤਾ ਝਾਰਖੰਡ ਨਿਵਾਸੀ ਨੇ ਵੀ ਤਬਾਹ ਹੋ ਰਹੇ ਵਾਤਾਵਰਨ ਤੇ ਚਿੰਤਾ ਪ੍ਰਗਟਾਈ। ਵਾਤਾਵਰਨ ਪ੍ਰੇਮੀ ਅਮੀਤੋਜ ਮਾਨ ਨੇ ਸੰਗਤਾਂ ਦੇ ਰੂਬਰੂ ਹੋ ਕੇ ਕਿਹਾ ਕਿ ਜੇਕਰ ਪੰਜਾਬ ਤੇ ਪੰਜਾਬੀਆਂ ਤੇ ਸਮੁੱਚੀ ਮਾਨਵਤਾ ਨੂੰ ਬਚਾਉਣਾ ਹੈ ਤਾਂ ਸਾਨੂੰ ਪ੍ਰਦੂਸ਼ਣ ਵਿਰੁੱਧ ਰਲ ਕੇ ਲੜਨਾ ਹੋਵੇਗਾ। ਨਹੀਂ ਤਾਂ ਆਉਂਦੇ  ਸਮੇਂ ਵਿੱਚ ਲੋਕ ਕਈ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋਣਗੇ। ਸਰਕਾਰਾਂ ਵੱਲੋਂ ਵਾਤਾਵਰਨ ਪ੍ਰਤੀ ਗੰਭੀਰਤਾ ਨਾ ਦਿਖਾਉਣ ਤੇ ਬੀਬੀ ਅਵਨੀਤ ਕੌਰ ਭੁੱਲਰ ਨੇ ਵੀ ਡਾਹਢਾ ਰੋਸ ਜ਼ਾਹਰ ਕੀਤਾ।
ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਅਤੇ ਉਹਨਾਂ ਵੱਲੋਂ ਚਲਾਏ ਜਾ ਰਹੇ ਕਾਰਜਾਂ ਨੂੰ ਸਹਿਯੋਗ ਦੇ ਕੇ ਤੋਰਨਾ ਹੀ ਉਹਨਾਂ ਨੂੰ ਸੱਚੀ- ਸੁੱਚੀ ਸਰਧਾਂਜਲੀ ਹੈ ਅਤੇ ਪਿੰਗਲਵਾੜਾ ਪ੍ਰਤੀ ਸੰਗਤਾਂ ਦਾ ਜੋ ਪਿਆਰ ਰੋਜ਼ਾਨਾ ਦੇਖਣ ਨੂੰ ਮਿਲਦਾ ਹੈ ਉਹ ਪਿੰਗਲਵਾੜਾ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਇੱਕ ਸੱਚੇ-ਸੁੱਚੇ ਦਾਰਸ਼ਿਕ ਸਖ਼ਸ਼ੀਅਤ ਜਰਨੈਲ ਸਨ, ਜੋ ਸਮਾਜ ਵਿੱਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਾਲ ਅਖੀਰਲੇ ਦਮ ਤੱਕ ਲੜਦੇ ਰਹੇ ਸਨ। ਉਹਨਾਂ ਸੰਗਤਾਂ ਨੂੰ ਸੰਜਮਈ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਟੇਜ ਦਾ ਸੰਚਾਲਨ ਸ੍ਰ. ਅਮਰਜੀਤ ਸਿੰਘ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਸ੍ਰ.ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਸ੍ਰ. ਰਾਜਬੀਰ ਸਿੰਘ ਜੀ ਮੈਂਬਰ ਪਿੰਗਲਵਾੜਾ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰ ਕੌਰ ਮੈਂਬਰ ਪਿੰਗਲਵਾੜਾ, ਸ਼੍ਰੀ ਯੋਗੇਸ਼ ਸੂਰੀ  ਮੁੱਖ ਪ੍ਰਸ਼ਾਸਕ, ਸ੍ਰ. ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਸ੍ਰ. ਪਰਮਿੰਦਰਜੀਤ  ਸਿੰਘ ਭੱਟੀ,  ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ. ਹਰਪਾਲ ਸਿੰਘ ਸੰਧੂ, ਸ਼੍ਰੀ ਗੁਲਸ਼ਨ ਰੰਜਨ, ਸ੍ਰ.ਗੁਰਨਾਇਬ ਸਿੰਘ,  ਉੱਘੇ ਲੇਖਿਕਾ ਰੀਮਾ ਆਨੰਦ, ਸ੍ਰ. ਅਮੀਤੋਜਮਾਨ, ਕਰਨਲ ਦਰਸ਼ਨ ਸਿੰਘ ਬਾਵਾ,  ਡਾ. ਸਰਬਜੀਤ ਸਿੰਘ ਛੀਨਾ, ਮੇਜਰ ਸਿੰਘ ਮਸਾਣੀ, ਸ੍ਰ. ਗੁਰਵਿੰਦਰ ਸਿੰਘ ਅਤੇ ਰਵਿੰਦਰ ਸਿੰਘ (ਪ੍ਰਿੰਟਵੈੱਲ ਪ੍ਰੈੱਸ), ਸ੍ਰ. ਹਰਦਿਆਲ ਸਿੰਘ ਘਰਿਆਲਾ, ਡਾ. ਨਿਰਮਲ ਸਿੰਘ, ਡਾ. ਇੰਦਰਜੀਤ ਕੌਰ (ਰੇਨੂੰ),  ਬੀਬੀ ਸੁਰਿੰਦਰ ਕੌਰ ਭੱਟੀ,  ਬੀਬੀ ਰਾਜਵਿੰਦਰ ਕੌਰ ਬਾਜਵਾ (ਰਿਟਾ.) ਇੰਸਪੈਕਟਰ, ਸ਼੍ਰੀ ਪਵਨ ਸ਼ਰਮਾ, ਵਾਰਡਾਂ ਅਤੇ ਹੋਸਟਲ ਇੰਚਾਰਜ ਆਦਿ ਹਾਜ਼ਰ ਸਨ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੀਆਂ ਗਤੀਵਿਧੀਆਂ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਚੱਲਦਾ ਰਿਹਾ। ਉਚੇਚੇ ਤੋਰ ‘ਤੇ ਬਾਬਾ ਸੁਰਿੰਦਰ ਸਿੰਘ ਜੀ ਵੱਲੋਂ ਖੀਰ ਪੂੜਿਆਂ ਦਾ ਲੰਗਰ ਲਗਾਇਆ ਗਿਆ। ਸ੍ਰ. ਅਵਤਾਰ ਸਿੰਘ ਖਾਲਸਾ ਜੀ ਵੱਲੋਂ ਪਹਿਨਣ ਲਈ ਕੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਮੇਜਰ ਸਿੰਘ ਮਸਾਣੀ ਵੱਲੋਂ ਬਨਾਨਾ ਸ਼ੇਕ ਦਾ ਅਤੁੱਟ ਲੰਗਰ ਲਗਾਇਆ ਗਿਆ।
Majha Mail