ਸਰਵਿਸ ਕਲੱਬ, ਵਿਸ਼ਵਾਸ ਫਾਊਂਡੇਸ਼ਨ, ਜੈ ਹੋ ਕਲੱਬ ਅਤੇ ਪੰਜਾਬ ਨੈਸ਼ਨਲ ਬੈਂਕ ਐਸੋਸੀਏਸ਼ਨ ਵੱਲੋਂ ਵੱਡਾ ਯੋਗਦਾਨ
ਅੰਮ੍ਰਿਤਸਰ, 6 ਸਤੰਬਰ (ਮੁਨੀਸ਼ ਸ਼ਰਮਾ ): ਹੜ੍ਹ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਨ੍ਹਾਂ ਲੋਕਾਂ ਦੇ ਮੁੜ ਵਸੇਬੇ ਲਈ ਜਿਲਾ ਪ੍ਰਸ਼ਾਸਨ ਦਾ ਸਾਥ ਦੇਣ ਵਾਸਤੇ ਨਾਮੀ ਸੰਸਥਾਵਾਂ, ਦਾਨੀ ਪੁਰਸ਼, ਐਸੋਸੀਏਸ਼ਨਾ ਅਤੇ ਹੋਰ ਲੋਕ ਅੱਗੇ ਆ ਰਹੇ ਹਨ। ਸ਼੍ਰੀ ਸੁਖਦੇਵ ਸਿੰਘ ਛੀਨਾ ਆਈਪੀਐਸ, ਪ੍ਰਧਾਨ ਦ ਸਰਵਿਸ ਕਲੱਬ ਅੰਮ੍ਰਿਤਸਰ ਅਤੇ ਉਨ੍ਹਾਂ ਦੀ ਪ੍ਰਬੰਧਕੀ ਟੀਮ ਨੇ ਕੈਂਪ ਆਫਿਸ ਅਜਨਾਲਾ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੂੰ ਸਕੱਤਰ ਰੈੱਡ ਕਰਾਸ ਸੋਸਾਇਟੀ ਅੰਮ੍ਰਿਤਸਰ ਰਾਹੀਂ 2 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਇਲਾਵਾ ਪਹਿਲਾਂ ਹੀ ਦਾਨ ਕੀਤੇ ਗਏ ਇੱਕ ਲੱਖ ਰੁਪਏ ਦੇ ਚੈੱਕ ਵੀ ਦਿੱਤੇ ਗਏ ਹਨ। ੳਨਾਂ ਕਿਹਾ ਕਿ ਭਵਿੱਖ ਵਿੱਚ ਆਫ਼ਤਾਂ ਦਾ ਸਾਹਮਣਾ ਕਰਨ ਲਈ ਲੋੜੀਂਦੀਆਂ ਹੋਰ ਸੇਵਾਵਾਂ ਲਈ ਸਰਵਿਸ ਕਲੱਬ ਹਮੇਸ਼ਾ ਤਿਆਰ ਹੈ।
ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸਰ ਐਸੋਸੀਏਸ਼ਨ ਵਲੋਂ ਅਸਿਸਟੈਂਟ ਜਨਰਲ ਸੈਕਟਰੀ ਸ੍ਰੀ ਰਾਜੀਵ ਅਰੋੜਾ ਅਤੇ ਪ੍ਰਧਾਨ ਨਕੁਲ ਸ਼ਰਮਾ ਵਲੋਂ 151000 ਦਾ ਚੈੱਕ ਰੈੱਡ ਕਰਾਸ ਸੁਸਾਇਟੀ ਲਈ ਡਿਪਟੀ ਕਮਿਸ਼ਨਰ ਨੂੰ ਭੇਟ ਕੀਤਾ ਗਿਆ, ਜਦਕਿ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਦੇ ਸਮੂਹ ਸਟਾਫ ਤੇ ਮੈਨੇਜਮੈਂਟ ਵੱਲੋਂ ਕ੍ਰਿਸ਼ਨਾ ਕੁਮਾਰ ਸਰਕਲ ਹੈਡ ਅਤੇ ਹਿੰਮਤ ਡਿਪਟੀ ਸਰਕਲ ਹੈਡ ਪੰਜਾਬ ਨੈਸ਼ਨਲ ਬੈਂਕ ਵਲੋਂ ਢਾਈ ਲੱਖ ਦਾ ਚੈੱਕ ਦਿੱਤਾ ਗਿਆ। ਉਹਨਾਂ ਨੇ ਆਖਿਆ ਕਿ ਅਗਾਂਹ ਵੀ ਜਨਤਾ ਦੀ ਸੇਵਾ ਲਈ ਡਿਪਟੀ ਕਮਿਸ਼ਨਰ ਵੱਲੋਂ ਜੋ ਵੀ ਡਿਊਟੀ ਲਗਾਈ ਜਾਏਗੀ ਉਹ ਨਿਭਾਉਣਗੇ।
ਇਸੇ ਦੌਰਾਨ ਜੈ ਹੋ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਵਿੱਕੀ ਦੱਤਾ ਵੱਲੋਂ ਹੜ ਪੀੜਤ 50 ਪਰਿਵਾਰਾਂ ਲਈ ਘਰ ਦਾ ਲੋੜੀਂਦਾ ਸਮਾਨ ਜਿਵੇਂ ਕਿ ਸਿਲੰਡਰ, ਚੁੱਲਾ, ਮੰਜਾ, ਬਿਸਤਰਾ, ਘਰ ਦੇ ਲੋੜੀਂਦੇ ਭਾਂਡੇ ਅਤੇ ਗੱਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਚ ਵੰਡੇ ਗਏ।
ਇਸੇ ਦੌਰਾਨ ਅੱਜ ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਵੱਲੋਂ ਸਾਧਵੀ ਨਿਲਮਾ ਵਿਸ਼ਵਾਸ਼ , ਸੈਕਟਰੀ ਰਿਸ਼ੀ ਵਿਸ਼ਵਾਸ, ਸੁਸ਼ੀਲ ਟੌਂਕ ਅਤੇ ਰਮੇਸ਼ ਸੁਮਨ ਵੱਲੋਂ ਪ੍ਰਭਾਵਿਤ ਇਲਾਕੇ ਵਿੱਚ ਵੰਡਣ ਲਈ 2000 ਬੈਡ ਸ਼ੀਟਾਂ, 2500 ਸੈਨਟਰੀ ਪੈਡ, 500 ਤਰਪਾਲਾਂ ਅਤੇ 400 ਬੈਗ ਕੈਟਲ ਫੀਡ ਦੇ ਡਿਪਟੀ ਕਮਿਸ਼ਨਰ ਨੂੰ ਭੇਟ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਇਸ ਵਡਮੁੱਲੇ ਯੋਗਦਾਨ ਲਈ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਸਦਕਾ ਅਸੀਂ ਛੇਤੀ ਹੀ ਇਸ ਸੰਕਟ ਵਿੱਚੋਂ ਨਿਕਲਾਂਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਡੀਐਮ ਮਾਰਕਫੈਡ ਮਨਿੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।