140 ਸਾਲ ਪੁਰਾਣੇ ਨਹਿਰੀ ਵਿਭਾਗ ਦੇ ਦਫ਼ਤਰ ਦੀ ਮੁਰੰਮਤ ਦਾ ਕੰਮ ਕਰਵਾਇਆ ਸ਼ੁਰੂ
ਅੰਮ੍ਰਿਤਸਰ , 19 ਜੁਲਾਈ (ਮੁਨੀਸ਼ ਸ਼ਰਮਾ) : ਜੰਡਿਆਲਾ ਗੁਰੂ ਵਿਖੇ ਨਹਿਰੀ ਵਿਭਾਗ ਦੇ ਰੈਸਟ ਹਾਊਸ ਦੀ ਇਮਾਰਤ ਦੀ ਰੈਨੋਵੇਸ਼ਨ ਦੇ ਕੰਮਾਂ ਦਾ ਉਦਘਾਟਨ ਕਰਦਿਆਂ ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਾਡੀ ਸਰਕਾਰ ਨੇ ਨਹਿਰੀ ਪਾਣੀ ਦੀ ਵਰਤੋਂ ਜੋ ਕਿ ਲਗਭਗ ਬੰਦ ਹੋ ਚੁੱਕੀ ਸੀ ਵਿੱਚ ਤਿੰਨ ਗੁਣਾ ਵਾਧਾ ਕੀਤਾ ਹੈ। ਉਹਨਾਂ ਦੱਸਿਆ ਕਿ 2022 ਤੱਕ ਕੇਵਲ 21 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਸੀ ਜਦ ਕਿ ਹੁਣ ਅਸੀਂ ਨਹਿਰਾਂ ਸੂਇਆਂ, ਖਾਲਿਆਂ ਦੀ ਮੁਰੰਮਤ ਕਰਕੇ 63 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਨਾਲ ਦੋ ਵੱਡੇ ਫਾਇਦੇ ਹੋਏ ਹਨ, ਇੱਕ ਤਾਂ ਜਮੀਨ ਹੇਠਲਾ ਪਾਣੀ ਬਚਿਆ ਹੈ ਅਤੇ ਦੂਸਰਾ ਜਮੀਨ ਵਿੱਚੋਂ ਪਾਣੀ ਕੱਢਣ ਲਈ ਕੀਤੀ ਜਾਂਦੀ ਬਿਜਲੀ ਦੀ ਵਰਤੋਂ ਘੱਟ ਹੋਈ ਹੈ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਨਹਿਰੀ ਪਾਣੀ ਦਾ ਇਹ ਸਿਸਟਮ ਉਹਨਾਂ ਦੇ ਜਾਣ ਤੋਂ ਬਾਅਦ ਸਰਕਾਰਾਂ ਨੇ ਇੰਨਾ ਕੁ ਅੰਗੌਲਿਆਂ ਕਰ ਦਿੱਤਾ ਕਿ ਸਾਡੇ ਹਿੱਸੇ ਦਾ ਨਹਿਰੀ ਪਾਣੀ ਹੋਰ ਸੂਬੇ ਬਰਤਨ ਲੱਗ ਪਏ ਅਤੇ ਅਸੀਂ ਜ਼ਮੀਨ ਹੇਠੋਂ ਪਾਣੀ ਕੱਢ ਕੇ ਕੰਮ ਚਲਾਉਣ ਲੱਗ ਪਏ।
ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਦੁਬਾਰਾ ਇਸ ਵਿਭਾਗ ਨਾਲ ਲੈ ਕੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣਾ ਸ਼ੁਰੂ ਕੀਤਾ ਹੈ ਅਤੇ ਆਸ ਹੈ ਕਿ ਅਗਲੇ ਸਾਲ ਅਸੀਂ 90 ਫੀਸਦੀ ਖੇਤਾਂ ਨੂੰ ਕਵਰ ਕਰ ਲਵਾਂਗੇ।
ਉਹਨਾਂ ਦੱਸਿਆ ਕਿ ਇਹ ਰੈਸਟ ਹਾਊਸ 140 ਸਾਲ ਤੋਂ ਜਿਆਦਾ ਪੁਰਾਣਾ ਹੈ, ਜੋ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਹੈ , ਇਸ ਦੀ ਹਾਲਤ ਬਹੁਤ ਹੀ ਜਿਆਦਾ ਖਰਾਬ ਸੀ, ਜਿਸ ਨਵੀਨੀਕਰਨ ਕਰਨ ਦੀ ਲੋੜ ਸੀ। ਉਹਨਾਂ ਕਿਹਾ ਕਿ ਹੁਣ ਨਹਿਰੀ ਵਿਭਾਗ ਨੂੰ ਦਫਤਰ ਦੇਣ ਲਈ ਇਸ ਰੈਸਟ ਹਾਊਸ ਦੀ ਮੁਰੰਮਤ 47 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਜਾ ਰਹੀ ਹੈ। ਜਿਸ ਨਾਲ ਇਸ ਰੈਸਟ ਹਾਊਸ ਦੀ ਬਾਊਂਡਰੀ ਵਾਲ ਦਾ ਕੰਮ, ਫਲੋਰਿੰਗ, ਫਰਨੀਚਰ, ਇੰਟਰਲਾਕ ਟਾਇਲਾਂ, ਜਿਲੇਦਾਰ ਦਫ਼ਤਰ ਦਾ ਕੰਮ ਵੀ ਕਰਵਾਇਆ ਜਾਵੇਗਾ। ਜੰਡਿਆਲਾ ਹਲਕਾ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਨਹਿਰੀ ਪਾਣੀ ਦੇ ਪ੍ਰਬੰਧ ਵਿੱਚ ਹਰ ਤਰਹਾਂ ਦੀ ਮੁਸ਼ਕਿਲਾਂ ਲਈ ਇਸ ਰੈਸਟ ਹਾਊਸ ਵਿਖੇ ਤਾਲ ਮਿਲ ਕੀਤਾ ਜਾਵੇਗਾ।