ਡਿਪਟੀ ਕਮਿਸ਼ਨਰ ਨੇ ਹੈਰੀਟੇਜ ਸਟਰੀਟ ਦਾ ਦੌਰਾ ਕਰ ਦਿੱਤੀਆਂ ਹਦਾਇਤਾਂ
ਅੰਮ੍ਰਿਤਸਰ, 12 ਜੁਲਾਈ (ਮੁਨੀਸ਼ ਸ਼ਰਮਾ): ਸ਼ਹਿਰ ਦੀਆਂ ਸੜਕਾਂ ਨੂੰ ਸਾਫ ਰੱਖਣ ਲਈ ਵੱਖ ਵੱਖ ਅਧਿਕਾਰੀਆਂ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਸੜਕਾਂ ਵਿੱਚੋਂ ਵਿਰਾਸਤੀ ਗਲੀ ਜੋ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਮੁੱਖ ਰਸਤਾ ਹੈ, ਦੀ ਸਾਂਭ ਸੰਭਾਲ ਦਾ ਜਿ਼ੰਮਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਿਆ ਹੈ। ਅੱਜ ਉਹਨਾਂ ਨੇ ਇਸ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਪਣੀ ਟੀਮ ਨਾਲ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ। ਉਹਨਾਂ ਨੇ ਇਸ ਇਲਾਕੇ ਵਿੱਚ ਸੰਗਤ ਦੀ ਆਮਦ ਨੂੰ ਸੁਖਾਲਾ ਕਰਨ ਲਈ ਦੁਕਾਨਦਾਰਾਂ ਵੱਲੋਂ ਕੀਤੇ ਨਜ਼ਾਇਜ਼ ਕਬਜ਼ੇ ਹਟਾਉਣ ਅਤੇ ਇੱਥੇ ਵਰਤੀ ਜਾਂਦੀ ਪਲਾਸਟਿਕ ਨੂੰ ਰੋਕਣ ਲਈ ਦੁਕਾਨਦਾਰਾਂ ਨੂੰ ਇੱਕ ਹਫਤੇ ਦਾ ਸਮਾਂ ਦਿੰਦਿਆ ਕਿਹਾ ਕਿ ਵਿਭਾਗ ਵੱਲੋਂ ਇਸ ਸਮਾਂ ਸੀਮਾ ਤੋਂ ਬਾਅਦ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਹਨਾਂ ਨੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਪੁਰਾਣੀ ਸਬਜ਼ੀ ਮੰਡੀ ‘ਚ ਪਏ ਮਲਬੇ ਨੂੰ ਸਾਫ ਕਰਵਾਕੇ ਉੱਥੇ ਪਾਰਕਿੰਗ ਲਈ ਥਾਂ ਬਣਾਉਣ, ਹੈਰੀਟੇਜ ਸਟ੍ਰੀਟ ਵਿੱਚ ਬਣੇ ਸਟੈਚੂ ਅਤੇ ਬੁੱਤਾ ਦੇ ਕੋਲੋਂ ਡਸਟਬਿਨ ਹਟਾਏ ਜਾਣ ਅਤੇ ਨਵੇਂ ਡਸਟਬਿਨ ਹੱਟਕੇ ਲਗਾਉਣ ਦੀ ਹਿਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਅਗਰਸੇਨ ਮੰਦਿਰ ਦੀ ਕਮੇਟੀ ਨੂੰ ਸਫ਼ਾਈ ਅਤੇ ਹੋਰ ਮੁੱਦਿਆਂ ਤੇ ਨਾਲ ਲੈਣ, ਧਰਮ ਸਿੰਘ ਮਾਰਕੀਟ ਦੇ ਬਾਹਰ ਫਾਊਂਟੇਨ ਜਾਂ ਹੋਰ ਕੋਈ ਵਧੀਆ ਢਾਂਚਾ ਤਿਆਰ ਕਰਨ, ਟਾਊਨ ਹਾਲ ਵਿੱਚ ਬਣੇ ਬਾਗ ਦੀ ਸਫਾਈ ਰੱਖਣ ਅਤੇ ਵਾਟਰ ਏਟੀਐਮ ਲਗਾਤਾਰ ਚਾਲੂ ਕਰਨ ਦੀ ਹਦਾਇਤ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਜਲ੍ਹਿਆਂਵਾਲਾ ਬਾਗ਼ ਵਿੱਚ ਰੇਨਵਾਟਰ ਹਾਰਵੈਸਟ ਬਨਾਉਣ ਅਤੇ ਬਾਗ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਪੁਰਾਤਤਵ ਵਿਭਾਗ ਕੋਲੋਂ ਅਗਵਾਈ ਲੈਣ ਲਈ ਵੀ ਨਿਗਮ ਅਧਿਕਾਰੀਆਂ ਨੂੰ ਕਿਹਾ। ਇਸ ਮੌਕੇ ਐਸਪੀ ਸ਼੍ਰੀਮਤੀ ਅਮਨਦੀਪ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾਕਟਰ ਕਿਰਨ, ਸੈਰ ਸਪਾਟਾ ਭਗ ਦੇ ਅਧਿਕਾਰੀ ਸੁਖਮਨਦੀਪ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ
ਵਿਰਾਸਤੀ ਗਲੀ ਦਾ ਦੌਰਾ ਕਰਕੇ ਸਮੱਸਿਆਵਾਂ ਨੂੰ ਜਾਣਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ।