ਗੁਰੂ ਘਰਾਂ ਦੇ ਰਸਤਿਆਂ ਦੀ ਬਿਹਤਰੀ ਲਈ ਇਕ ਮਹੀਨੇ ਦੀ ਤਨਖਾਹ ਅਤੇ ਅਖਤਿਆਰੀ ਫੰਡਾਂ ਵਿੱਚੋਂ 20 ਲੱਖ ਰੁਪਏ ਦੇਣ ਦਾ ਕੀਤਾ ਪ੍ਰਣ
ਅੰਮ੍ਰਿਤਸਰ , 13 ਅਗਸਤ (ਮੁਨੀਸ਼ ਸ਼ਰਮਾ): ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀਨਗਰ ਵਿਖੇ ਕਰਵਾਏ ਸਮਾਗਮ ਵਿੱਚ ਮਰਿਆਦਾ ਨਾਲ ਹੋਈ ਭੁੱਲ ਦੇ ਸਬੰਧ ਵਿੱਚ 6 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਸੇਵਾ ਪੂਰੀ ਹੋਣ ਉੱਤੇ ਕੈਬਨਿਟ ਮੰਤਰੀ ਸ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅਰਦਾਸ ਕਰਨ ਲਈ ਪੁੱਜੇ। ਉਨਾਂ ਮੀਰੀ-ਪੀਰੀ ਦੇ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਹੋਏ ਹੁਕਮਾਂ ਦੀ ਪਾਲਣਾ ਕਰਦਿਆਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਸਦਕਾ ਸੇਵਾ ਸੰਪੂਰਨ ਹੋਣ ਉਪਰੰਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਸੱਚੇ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਅਰਦਾਸ ਕੀਤੀ ਅਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਸੰਪੂਰਨ ਹੋਈ ਸੇਵਾ ਸਬੰਧੀ ਰਿਪੋਰਟ ਕੀਤੀ।
ਉਨਾਂ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ, ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ ਵੱਲਾ ਅਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਰਸਤਿਆਂ ਦੀ ਸਾਫ ਸਫਾਈ ਅਤੇ ਬਿਹਤਰੀ ਵਾਸਤੇ ਦਾਸ ਆਪਣੇ ਅਖਤਿਆਰੀ ਫੰਡਾਂ ਵਿਚੋਂ 20 ਲੱਖ ਰੁਪਏ ਅਤੇ ਨਿੱਜੀ ਸ਼ਰਧਾ ਵਜੋਂ ਬਤੌਰ ਮੰਤਰੀ ਇਕ ਮਹੀਨੇ ਦੀ ਤਨਖਾਹ ਭੇਟ ਕਰਨ ਦਾ ਪ੍ਰਣ ਵੀ ਲਿਆ। ਇਸ ਮੌਕੇ ਉਹਨਾਂ ਕਿਹਾ ਕਿ ਉਹ ਇਸ ਤੋਂ ਇਲਾਵਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਅਸਥਾਨਾਂ ਦੇ ਆਲੇ-ਦੁਆਲੇ ਸੁੰਦਰਤਾ ਦੇ ਕਾਰਜਾਂ ਵਾਸਤੇ ਨਿੱਜੀ ਤੌਰ ‘ਤੇ ਅਤੇ ਸਰਕਾਰ ਦੇ ਰਾਹੀਂ ਯਥਾਸ਼ਕਤ ਵੱਧ ਤੋਂ ਵੱਧ ਯਤਨ ਕਰਨਗੇ।
ਇਸ ਮੌਕੇ ਉਹਨਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੇ ਪੱਤਰ ਵਿੱਚ ਲਿਖਿਆ ਕਿ ਇਕ ਨਿਮਾਣਾ ਸਿੱਖ ਹੋਣ ਦੇ ਨਾਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ, ਪੰਜ ਸਿੰਘ ਸਾਹਿਬਾਨ ਅਤੇ ਗੁਰੂ ਦੀ ਸੰਗਤ ਦੇ ਚਰਨਾਂ ਵਿਚ ਨਿਮਰਤਾ ਸਹਿਤ ਇਕ ਵਾਰ ਮੁੜ ਬੇਨਤੀ ਕਰਦਾ ਹਾਂ ਕਿ ਭੁੱਲਣਹਾਰ ਜਾਣ ਕੇ ਦਾਸ ਦੀਆਂ ਅਤੀਤ ਵਿਚ ਜਾਣੇ-ਅਨਜਾਣੇ ਵਿਚ ਹੋਈਆਂ ਭੁੱਲਾਂ ਦੀ ਖਿਮਾਂ ਦੀ ਬਖਸ਼ਿਸ਼ ਕਰਨ ਅਤੇ ਬਲ-ਬੁੱਧ ਬਖਸ਼ ਕੇ ਭਵਿੱਖ ਵਿਚ ਧਰਮ, ਕੌਮ, ਦੇਸ਼, ਪੰਜਾਬ ਅਤੇ ਸਮਾਜ ਦੀ ਵੱਧ ਤੋਂ ਵੱਧ ਸੇਵਾ ਕਰਵਾ ਲੈਣ।
ਸੂਚਨਾ ਕੇਂਦਰ ਦੇ ਬਾਹਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੈਂ ਜੋ ਵੀ ਹਾਂ, ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਹਾਂ। ਮੇਰੇ ਕੋਲ ਮਾਣ ਕਰਨ ਲਈ ਕੁੱਝ ਨਹੀਂ। ਦਾਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਤਨਖਾਹ ਲਗਾਈ ਗਈ ਸੀ ਉਹ ਮੇਰੇ ਲਈ ਰੱਬੀ ਫੁਰਮਾਨ ਸੀ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਤਨਖਾਹ ਮੁਕੰਮਲ ਹੋਈ ਹੈ ਅਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੁੱਲ ਬਖਸ਼ਾਉਣ ਲਈ ਅਰਦਾਸ ਕੀਤੀ ਹੈ ਅਤੇ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਦਾਸ ਕੋਲੋਂ ਪੰਥ, ਕੌਮ, ਦੇਸ਼ ,ਪੰਜਾਬ ਅਤੇ ਮਾਨਵਤਾ ਦੀ ਸੇਵਾ ਲੈਣ ਦਾ ਬਲ ਤੇ ਬੁੱਧੀ ਬਖਸ਼ਣ।