Advertisement

ਸਰਹੱਦ ’ਤੇ ਕੰਡਿਆਲੀ ਤਾਰ ਨੇੜ੍ਹੇ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ

ਅੰਮ੍ਰਿਤਸਰ, 10 ਜੁਲਾਈ 2025 ( ਪ੍ਰਦੀਪ ਜੈਨ ਰੋਕੀ ): ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀਮਤੀ ਅਮਨਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਦੇ ਘੇਰੇ ਅੰਦਰ ਰਾਤ 8:30 ਵਜੇ ਤੋਂ ਸਵੇਰੇ 5:00 ਵਜੇ ਤਕ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਹੁਕਮ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਆਉਂਦੀ ਭਾਰਤ-ਪਾਕਿ ਸੀਮਾ ’ਤੇ ਅਣਚਾਹੇ ਅਨਸਰਾਂ ਦੀ ਹਰਕਤ ਨਾਲ ਭਾਰਤ-ਪਾਕਿ ਬਾਰਡਰ ਦੀ ਸੁਰੱਖਿਆ, ਦੇਸ਼ ਦੇ ਅਮਨ-ਚੈਨ ਅਤੇ ਸ਼ਾਂਤੀ ਨੂੰ ਖ਼ਤਰੇ ਦੀ ਸੰਭਾਵਨਾ ਹੈ, ਜਿਸ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਰੋਕਥਾਮ ਲਈ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋ 500 ਮੀਟਰ ਘੇਰੇ ਅੰਦਰ ਰਾਤ 8:30 ਵਜੇ ਤੋਂ ਸਵੇਰੇ 5:00 ਵਜੇ ਤਕ ਹਰ ਤਰ੍ਹਾਂ ਦੀ ਹਰਕਤ ਕਰਨ ’ਤੇ ਮਨਾਹੀ ਦੇ ਹੁਕਮ ਜਾਰੀ ਕੀਤਾ ਜਾਣਾ ਲਾਜ਼ਮੀ ਹੈ।
ਇਹ ਹੁਕਮ 6 ਅਕਤੂਬਰ 2025 ਤੱਕ ਲਾਗੂ ਰਹੇਗਾ।

Majha Mail