ਸਾਬਕਾ ਮੰਤਰੀ ਧਾਲੀਵਾਲ ਨੇ ਅੱਜ ਹਲਕੇ ਦੇ 7 ਪਿੰਡਾਂ ‘ਚ ਕੀਤੀਆਂ ਨਸ਼ਾ ਮੁਕਤੀ ਯਾਤਰਾਵਾਂ
।ਅਜਨਾਲਾ/ ਅੰਮ੍ਰਿਤਸਰ, 18 ਜੁਲਾਈ (ਮੁਨੀਸ਼ ਸ਼ਰਮਾ): ਅੱਜ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਡਿਆਲ ਭੜੰਗ , ਕੋਟਲਾ ਕਾਜ਼ੀਆਂ, ਉਰਧਨ, ਸੁਧਾਰ , ਨਾਨੋਕੇ, ਮਾਕੋਵਾਲ, ਜੱਸੜ ਪਿੰਡਾਂ ‘ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾਵਾਂ ਦੌਰਾਨ ਹੋਈਆਂ ਭਰਵੀਆਂ ਜਨਤਕ ਰੈਲੀਆਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਪੰਜਾਬ ਵਾਸੀ ਆਪ ਮੁਹਾਰੇ ਸਰਗਰਮ ਹਿੱਸਾ ਬਣ ਕੇ ਸਾਬਕਾ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਵਲੋਂ ਨਸ਼ਿਆਂ ਦੇ ਕਰੂਰ ਗੰਦੇ ਧੰਦੇ ਨਾਲ ਪੰਜਾਬ ਨੂੰ ਕੀਤੇ ਕਲੰਕਿਤ ਵਰਤਾਰੇ ਤੋਂ ਮੁਕਤੀ ਪਾਉਣ ਲਈ ਨਸ਼ਾ ਮੁਕਤੀ ਯਾਤਰਾਵਾਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ।ਜਿਸ ਦੇ ਸਾਜ਼ਗਾਰ ਨਤੀਜੇ ਸਾਹਮਣੇ ਆਉਣ ਕਾਰਣ ਲੋਕਾਂ ਵਲੋਂ ਸਰਕਾਰ ਤੇ ਪੁਲੀਸ ਨੂੰ ਦਿੱਤੀਆਂ ਜਾ ਰਹੀਆਂ ਸੱਚੀਆਂ ਸੂਚਨਾਵਾਂ ਦੇ ਮੱਦੇਨਜ਼ਰ ਸਾਬਕਾ ਸਰਕਾਰਾਂ ਦੀ ਕਥਿਤ ਸ਼ਹਿ ‘ਤੇ ਸਿਆਸੀ, ਪੁਲੀਸ ਤੇ ਨਸ਼ਾ ਤਸਕਰਾਂ ਦੇ ਬਣੇ ਨਾਪਾਕ ਗੱਠਜੋੜ ਦੇ ਬਦਨਾਮ ਕਿਲੇ ਢਹਿ ਢੇਰੀ ਕਰਦਿਆਂ 23 ਹਜਾਰ ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਾਢੇ 11 ਹਜਾਰ ਕਰੋੜ ਰੁਪਏ ਡਰੱਗ ਮਨੀ, ਕਰੋੜਾਂ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਸਮੇਤ ਤਸਕਰਾਂ ਵਲੋਂ ਡਰੱਗ ਮਨੀ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਤੇ ਉਸਾਰੀਆਂ ਨੂੰ ਢਹਿ ਢੇਰੀ ‘ਚ ਕੋਈ ਲਿਹਾਜਦਾਰੀ ਨਹੀਂ ਵਰਤੀ ਜਾ ਰਹੀ। ਵਿਧਾਇਕ ਸ. ਧਾਲੀਵਾਲ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਅਮਨ ਪਸੰਦ ਪੇਂਡੂ ਤੇ ਸ਼ਹਿਰੀ ਨਾਗਰਿਕਾਂ ਨੂੰ ਅੱਜ ਕਿਤੇ ਵੀ ਨਸ਼ਾ ਤਸਕਰ ਤੇ ਉਹਨਾਂ ਦੇ ਸਮਰਥਕ ਨਹੀਂ ਦਿਖਾਈ ਦੇ ਰਹੇ ਹੋਣਗੇ, ਜੋ ਸਰੀਫ ਲੋਕਾਂ ਤੇ ਦਬਾਅ ਬਣਾਉਣ ਲਈ ਸ਼ਰ੍ਹੇਆਮ ਡੀਂਗਾ ਮਾਰਦੇ ਨਹੀਂ ਸਨ ਥੱਕਦੇ ਕਿ ਉਹਨਾਂ ਤੋਂ ਪੁੱਛੇ ਬਗੈਰ ਕੋਈ ਵੀ ਪੁਲੀਸ ਮੁਲਾਜ਼ਮ ਉਨ੍ਹਾਂ ਦੇ ਘਰਾਂ, ਪਿੰਡ ਜਾਂ ਸ਼ਹਿਰ ਦੇ ਗਲੀ ਮੁਹੱਲੇ ਚ ਨਹੀਂ ਆ ਸਕਦਾ।ਜਦੋਂਕਿ ਅਜਿਹੇ ਅਨਸਰ ਪੰਜਾਬ ‘ਚੋਂ ਖਿਸਕ ਕੇ ਭੂੰਡ ਹੋ ਗਏ ਹਨ ਅਤੇ ਉਹੀ ਅੱਜ ਇਥੇ ਵੱਡੇ ਤੋਂ ਵੱਡੇ ਕਰਨੈਲ ਜਰਨੈਲ ਸਮੱਗਲਰਾਂ ਦੇ ਸਰਪ੍ਰਸਤ ਅਤੇ ਨਸ਼ਾ ਤਸਕਰ ਕਾਬੂ ਕਰਕੇ ਜ਼ੇਲ੍ਹਾਂ ‘ਚ ਡੱਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ, ਭੈਣਾਂ ਤੇ ਹੋਰ ਸਾਕ ਸਬੰਧੀ ਅਸੀਸਾਂ ਦੇ ਕੇ ਅਤੇ ਅਰਦਾਸਾਂ ਕਰਕੇ ਸੂਬਾ ਮਾਨ ਸਰਕਾਰ ਦੀ ਚੜਦੀ ਕਲਾ ਮੰਗ ਰਹੇ ਹਨ।ਕਿਉਂਕਿ ਨਸ਼ਿਆਂ ‘ਚ ਗ੍ਰਸਿਤ ਹੋ ਰਹੀ ਮੌਜੂਦਾ, ਨਵੀਂ ਤੇ ਭਵਿੱਖੀ ਤੀਸਰੀ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਰੱਖਣ ਲਈ ਨਸ਼ਿਆਂ ਦੇ ਅੱਤਿਵਾਦ ਦੀ ਜੜ੍ਹ ਪੁਟੱਣ ਲਈ ਸਰਕਾਰ ਕੰਮ ਕਰ ਰਹੀ ਹੈ। ਜਦੋਂਕਿ ਨਸ਼ਿਆਂ ਦਾ ਧੰਦਾ ਰੁਕਣ ਕਾਰਣ ਪੰਜਾਬ ‘ਚੋਂ 30 -40 ਲੱਖ ਰੁਪਏ ਖਰਚ ਕਰਕੇ ਕਾਨੂੰਨੀ, ਗੈਰ ਕਾਨੂੰਨੀ, ਬਦਨਾਮ ਤੇ ਖ਼ਤਰਨਾਕ ਰਸਤਿਆਂ ਡੰਕੀ ਰਾਹੀਂ ਨੌਜੁਆਨ ਧੀਆਂ ਪੁੱਤਰਾਂ ਦੀ ਜ਼ਿੰਦਗੀ ਦਾ ਰਿਸਕ ਲੈ ਕੇ ਸਿਰਫ ਇਸ ਕਰਕੇ ਬਾਹਰਲੇ ਦੇਸ਼ਾਂ ਨੂੰ ਭੇਜਣ ਵਾਲੇ ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ।ਸਾਬਕਾ ਕੈਬਨਿਟ ਮੰਤਰੀ ਸ: ਧਾਲੀਵਾਲ ਨੇ ਦਾਅਵਾ ਕੀਤਾ ਕਿ ਅਕਾਲੀਆਂ, ਕਾਂਗਰਸੀਆਂ ਤੇ ਭਾਜਪਾਈਆਂ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿਰੋਧ ਨੂੰ ਉਦੋਂ ਆਪਣੇ ਆਪ ਹੀ ਲੋਕਾਂ ਵਲੋਂ ਮੂੰਹ ਤੋੜਵਾਂ ਜੁਆਬ ਮਿਲ ਰਿਹਾ ਹੈ।ਕਿਉਂਕਿ ਹਲਕਾ ਅਜਨਾਲਾ ਹਲਕੇ ‘ਚ ਨਸ਼ਾ ਮੁਕਤੀ ਯਾਤਰਾਵਾਂ ਦੌਰਾਨ ਨਸ਼ਾ ਕਰ ਰਹੇ ਵਿਅਕਤੀਆਂ ਵਲੋਂ ਮੁਹਿੰਮ ਤੋਂ ਪ੍ਰਭਾਵਿਤ ਹੁੰਦੇ ਹੋਏ ਅਤੇ ਪੰਚਾਂ ਸਰਪੰਚਾਂ ਤੇ ਹੋਰ ਮੋਹਿਤਬਰਾਂ ਦੀ ਪ੍ਰੇਰਨਾ ਨਾਲ ਨਸ਼ੇ ਛੱਡਣ ਲਈ ਅੱਗੇ ਆਏ ਹਨ, ਜਿੰਨ੍ਹਾਂ ਨੂੰ ਮੁਫ਼ਤ ਇਲਾਜ ਲਈ ਅੰਮ੍ਰਿਤਸਰ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਚ ਭਰਤੀ ਕਰਵਾਇਆ ਗਿਆ ਹੈ। ਇਸੇ ਤਰਾਂ ਪੰਜਾਬ ਭਰ ‘ਚ ਵੀ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ‘ਚ ਦਾਖਲ ਹੋਣ ਦੀ ਗਿਣਤੀ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ। ਅਤੇ ਪੰਜਾਬ ਭਰ ‘ਚ 400 ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ, ਜਿਸ ਚ ਵਿਧਾਨ ਸਭਾ ਅਜਨਾਲਾ ਦੇ ਪਿੰਡ ਵੀ ਸ਼ਾਮਲ ਹੈ ।ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਨੂੰ ਨਸ਼ਾ ਮੁਕਤ ਕਰਕੇ ਹੀ ਦਮ ਲਏਗੀ।ਰੈਲੀਆਂ ‘ਚ ਤਹਿਸੀਲ ਪੱਧਰੀ ਸਿਵਲ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਮੇਤ ਗ੍ਰਾਮ ਪੰਚਾਇਤਾਂ ਤੇ ਮੋਹਤਬਰ ਵੱਡੀ ਗਿਣਤੀ ‘ਚ ਮੌਜੂਦ ਸਨ।
ਫੋਟੋ ਕੈਪਸ਼ਨ: ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਹਲਕੇ ‘ਚ ਨਸ਼ਾ ਮੁਕਤੀ ਯਾਤਰਾਵਾਂ ਦੌਰਾਨ ।