ਅੰਮ੍ਰਿਤਸਰ 11 ਜੁਲਾਈ 2025 (ਵਿਸ਼ਾਲ ਕਾਲੜਾ) : ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਖਾਲੀ ਪਏ ਪਲਾਟਾਂ ਜਿਨ੍ਹਾਂ ਵਿੱਚ ਕੂੜਾ ਕਰਕਟ, ਗੰਦਗੀ ਅਤੇ ਬਰਸਾਤ ਦਾ ਗੰਦਾ ਪਾਣੀ ਇਕੱਠਾ ਹੁੰਦਾ ਹੈ ਅਤੇ ਜਿਨ੍ਹਾਂ ਦੇ ਮਾਲਕਾਂ/ਕਾਬਜਾਂ ਵੱਲੋਂ ਸਾਫ ਸਫਾਈ ਨਹੀਂ ਕਰਾਈ ਜਾਂਦੀ, ਉਹਨਾ ਵਿਰੁੱਧ ਵੱਡੀ ਕਾਰਵਾਈ ਆਰੰਭੀ ਗਈ ਹੈ। ਪਿਛਲੇ ਦਿਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਜਿਲ੍ਹਾ ਅਮ੍ਰਿੰਤਸਰ ਦੀ ਹਦੂਦ ਵਿੱਚ ਨਿਜੀ ਕਬਜੇ, ਮਾਲਕੀ ਵਾਲੇ ਖਾਲੀ ਪਏ ਪਲਾਟਾਂ ਚ ਕੂੜਾ ਕਰਕਟ, ਗੰਦਗੀ ਅਤੇ ਬਰਸਾਤ ਦੇ ਗੰਦੇ ਪਾਣੀ ਦੇ ਇਕੱਠੇ ਹੋਣ ਕਾਰਣ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਢੁਕਵੇਂ ਉਪਰਾਲੇ ਕਰਨ ਲਈ ਕਿਹਾ ਗਿਆ ਸੀ ਜਿਸ ਤੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਖਾਲੀ ਪਲਾਟਾਂ ਦੇ ਮਾਲਕਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਸਨ ਅਤੇ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਇਹਨਾਂ ਖਾਲੀ ਪਲਾਟਾਂ ਦੇ ਚਲਾਣ ਕੱਟੇ ਜਾਣ ਅਤੇ ਨੋਟਿਸ ਜਾਰੀ ਕੀਤੇ ਜਾਣ। ਸਿਹਤ ਅਫਸਰ ਡਾ ਕਿਰਨ, ਡਾ ਯੋਗੇਸ਼ ਅਰੋੜਾ ਅਤੇ ਏ.ਐੱਮ.ਓ.ਐੱਚ ਡਾ ਰਮਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਪੰਜਾਂ ਜੋਨਾਂ ਵਿੱਚ 302 ਚਲਾਣ ਜਾਰੀ ਕੀਤੇ ਗਏ ਹਨ ਅਤੇ ਦੋ ਦਿਨ ਦਾ ਨੋਟਿਸ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਪੂਰਵੀ ਜੋਨ ਵਿੱਚ 35, ਪੱਛਮੀ ਜੋਨ ਵਿੱਚ 55, ਕੇਂਦਰੀ ਜੋਨ ਵਿੱਚ 73, ਉੱਤਰੀ ਜੋਨ ਵਿੱਚ 60, ਅਤੇ ਦੱਖਣੀ ਜੋਨ ਵਿੱਚ 79 ਤੋਂ ਵੱਧ ਚਲਾਣ ਅਤੇ ਨੋਟਿਸ ਦਿੱਤੇ ਗਏ ਹਨ। ਇਨ੍ਹਾਂ ਚਲਾਣਾ ਰਾਹੀਂ ਪਲਾਟ ਮਾਲਕਾਂ ਨੂੰ ਜੁਰਮਾਨਾ ਵੀ ਕੀਤਾ ਜਾਣਾ ਹੈ ਅਤੇ ਦੋ ਦਿਨ ਦੇ ਨੋਟਿਸ ਤੋਂ ਬਾਅਦ ਵਿਭਾਗ ਵੱਲੋਂ ਆਪਣੇ ਪੱਧਰ ਤੇ ਇਨ੍ਹਾਂ ਪਲਾਟਾਂ ਦੀ ਸਫਾਈ ਆਦਿ ਦੇ ਕੰਮ ਕਰਵਾ ਕੇ ਇਸ ਦਾ ਖਰਚਾ ਵੀ ਪਲਾਟ ਮਾਲਕ ਤੋਂ ਵਸੂਲਿਆ ਜਾਵੇਗਾ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਖਾਲੀ ਪਲਾਟਾਂ ਵਿੱਚ ਪਿਆ ਕੂੜਾ ਕਰਕਟ, ਗੰਦਗੀ ਅਤੇ ਬਰਸਾਤ ਦਾ ਗੰਦਾ ਪਾਣੀ ਸਹਿਰ ਵਾਸੀਆਂ ਦੀ ਸਿਹਤ ਲਈ ਬਹੁਤ ਨੁਕਸਾਨਦੇਅ ਹੈ ਕਿਉਂ ਜੋ ਇਸ ਨਾਲ ਕਈ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੁੰਦੇ ਹਨ ਅਤੇ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਇਹਨਾਂ ਬਿਮਾਰੀਆਂ ਨੂੰ ਰੋਕਣ ਲਈ ਇਹਨਾਂ ਖਾਲੀ ਪਏ ਪਲਾਟਾਂ ਦੀ ਸਫਾਈ ਅਤਿ ਜਰੂਰੀ ਹੈ। ਉਹਨਾਂ ਕਿਹਾ ਕਿ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਆਪਣੇ ਅਧੀਨ ਆਉਂਦੇ ਜੋਨਾਂ ਵਿੱਚ ਜਿੱਥੇ ਜਿੱਥੇ ਵੀ ਖਾਲੀ ਪਲਾਟ ਹਨ ਅਤੇ ਜਿਨ੍ਹਾਂ ਵਿੱਚ ਕੂੜਾ ਕਰਕਟ, ਗੰਦਗੀ ਜਾਂ ਬਰਸਾਤ ਦਾ ਗੰਦਾ ਪਾਣੀ ਖੜ੍ਹਾ ਹੈ ਉਹਨਾ ਪਲਾਟ ਮਾਲਕਾਂ ਦੇ ਚਲਾਣ ਕੱਟੇ ਜਾਣ ਅਤੇ ਨੋਟਿਸ ਜਾਰੀ ਕੀਤੇ ਜਾਣ ਕਿ ਉਹ ਆਪਣੇ ਪਲਾਟਾਂ ਦੀ ਸਫਾਈ ਦੋ ਦਿਨਾਂ ਦੇ ਵਿੱਚ ਕਰਵਾ ਲੈਣ ਨਹੀਂ ਤਾਂ ਨਗਰ ਨਿਗਮ ਵੱਲੋਂ ਆਪਣੇ ਪੱਧਰ ਤੇ ਕਰਵਾਏ ਜਾਨ ਤੇ ਇਸ ਤੇ ਆਉਣ ਵਾਲੇ ਖਰਚੇ ਦੀ ਭਰਪਾਈ ਉਹਨਾਂ ਪਾਸੋਂ ਕੀਤੀ ਜਾਵੇਗੀ ਅਤੇ ਇਹ ਵੀ ਹਦਾਇਤ ਕੀਤੀ ਜਾਵੇ ਕਿ ਸਾਫ ਸਫਾਈ ਤੋਂ ਬਾਅਦ ਪਲਾਟ ਦੀ ਚਾਰਦਿਵਾਰੀ ਕਰ ਲਈ ਜਾਵੇ ਜਾਂ ਕੰਢਿਆਲੀ ਤਾਰ ਲਗਾਈ ਜਾਵੇ ਤਾਂ ਜੋ ਭਵਿੱਖ ਵਿੱਚ ਗੰਦਗੀ ਨਾ ਫੈਲ ਸਕੇ। ਉਹਨਾਂ ਕਿਹਾ ਕਿ ਨਿਗਮ ਦੇ ਸਿਹਤ ਵਿਭਾਗ ਵੱਲੋਂ ਵੱਖ ਵੱਖ ਜੋਨਾਂ ਤਹਿਤ 302 ਚਲਾਣ ਅਤੇ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਹਨਾਂ ਪਲਾਟਾਂ ਦੀ ਸਾਫ ਸਫਾਈ ਸੁਨਿਸ਼ਚਿਤ ਕੀਤੀ ਜਾਵੇਗੀ।