Advertisement

ਆਜ਼ਾਦੀ ਦਿਵਸ ਮੌਕੇ ਸਿਹਤ ਮੰਤਰੀ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਲਹਿਰਾਇਆ ਤਿਰੰਗਾ

ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ – ਬਲਬੀਰ ਸਿੰਘ

ਅੰਮ੍ਰਿਤਸਰ, 15 ਅਗਸਤ 2025 ( ਮੁਨੀਸ਼ ਸ਼ਰਮਾ / ਵਰੁਣ ਸੋਨੀ ): ਦੇਸ਼ ਦੀ ਆਜ਼ਾਦੀ ਦੀ 79ਵੇਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਵਿਖੇ ਕਰਵਾਏ ਜਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਡਾਕਟਰ ਬਲਬੀਰ ਸਿੰਘ, ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਮੰਤਰੀ, ਪੰਜਾਬ ਨੇ ਸ਼ਹੀਦਾਂ ਨੂੰ ਸਰਧਾਂਜਲੀ ਦਿੰਦੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵੱਲ ਨਿਰੰਤਰ ਯਤਨ ਜਾਰੀ ਹਨ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੀ ਆਰਥਿਕ ਖੁਸ਼ਹਾਲੀ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕਿਰਸਾਨੀ ਦੀ ਦਿਸ਼ਾ ਅਤੇ ਦਸ਼ਾ ਬਦਲੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਦੇਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਫੈਸਲੇ ਲਾਗੂ ਕੀਤੇ ਹਨ। ਬਹੁਤ ਸਾਰੀਆਂ ਲੋਕ ਪੱਖੀ ਸਕੀਮਾਂ ਤੇ ਨੀਤੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਕੀਤੀਆਂ ਹਨ। ਆਮ ਆਦਮੀ ਕਲੀਨਿਕਾਂ ਦਾ ਵਿਸਥਾਰ, ਨਵੀਆਂ ਐਂਬੂਲੈਂਸਾਂ, ਮੁਫਤ ਬਿਜਲੀ, ਈਜ਼ੀ ਰਜਿਸਟਰੀ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ ਤੇ ਟੋਭਿਆ ਦੀ ਸਫਾਈ, ਟੇਲਾਂ ਤੱਕ ਪਾਣੀ ਪੁੱਜਦਾ ਕੀਤਾ, ਯੁੱਧ ਨਸ਼ਿਆਂ ਵਿਰੁੱਧ, ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ, ਪੇਂਡੂ ਖੇਡ ਮੈਦਾਨਾਂ ਦੀ ਉਸਾਰੀ, ਖਿਡਾਰੀਆਂ ਨੂੰ ਨੌਕਰੀ ਤੇ ਵੱਡੇ ਖੇਡ ਮੁਕਾਬਲਿਆਂ ਤੋਂ ਪਹਿਲਾਂ ਤਿਆਰੀ ਭੱਤੇ ਦੇਣੇ, ਸਾਰਿਆਂ ਲਈ 10 ਲੱਖ ਦਾ ਸਿਹਤ ਬੀਮਾ ਅਤੇ ਸਨਅਤਾਂ ਦੇ ਵਿਕਾਸ ਲਈ ਉਦਯੋਗਪਤੀਆਂ ਦੀਆਂ ਕਮੇਟੀਆਂ ਦਾ ਗਠਨ ਆਦਿ ਅਜਿਹੇ ਫੈਸਲੇ ਹਨ ਜਿਸ ਨਾਲ ਪੰਜਾਬ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖਣ ਵੱਲ ਕਦਮ ਵਧਾ ਰਿਹਾ ਹੈ।
ਉਨਾਂ ਦੱਸਿਆ ਕਿ ਹੁਣ ਤੱਕ 55 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਕਿਰਤ ਕਾਨੂੰਨ ਸੌਖੇ ਕੀਤੇ ਗਏ ਤੇ ਭੀਖ ਮੰਗਣ ਵਾਲਿਆਂ ਖਿਲਾਫ ਵੱਡੀ ਮੁਹਿੰਮ ਚਲਾਈ ਗਈ ਹੈ। ਦੇਸ਼ ਭਰ ਵਿੱਚ ਆਪਣੀ ਤਰ੍ਹਾਂ ਦੀ ਵਿਸ਼ੇਸ਼ ‘ਸੜਕ ਸੁਰੱਖਿਆ ਫੋਰਸ’ ਨੇ ਸੜਕੀ ਹਾਦਸਿਆਂ ਵਿੱਚ ਵੱਡੀ ਕਮੀ ਲਿਆਂਦੀ ਹੈ। 15406 ਵਿਅਕਤੀਆਂ ਨੂੰ ਮੌਕੇ ’ਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ 19162 ਜ਼ਖਮੀ ਵਿਅਕਤੀਆਂ ਨੂੰ ਡਾਕਟਰੀ ਦੇਖਭਾਲ ਲਈ ਹਸਪਤਾਲਾਂ ਤੱਕ ਪਹੁੰਚਾਇਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਰਾਜ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਜੰਗਲਾਤ ਵਿਭਾਗ ਦੀ ਪਹਿਲਕਦਮੀ ਤਹਿਤ ‘ਸ੍ਰੀ ਗੁਰੂ ਤੇਗ਼ ਬਹਾਦਰ ਜੀ ਹਰਿਆਵਲ ਸੰਕਲਪ’ ਤਹਿਤ ਹਰੇਕ ਜ਼ਿਲ੍ਹੇ ਵਿੱਚ 3.50 ਲੱਖ ਬੂਟੇ ਲਗਾਏ ਜਾਣਗੇ।
ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ 1 ਜੁਲਾਈ 2022 ਤੋਂ ਬਾਅਦ ਹਰੇਕ ਵਰਗ ਨੂੰ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। 90 ਫੀਸਦੀ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਮੁਫਤ ਤੇ ਪੂਰੀ ਬਿਜਲੀ ਨਿਰੰਤਰ ਦਿੱਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ 118 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਸਾਡੀ ਸਰਕਾਰ ਨੇ 115 ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਕੌਮਾਂਤਰੀ ਪੱਧਰ `ਤੇ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਮ `ਤੇ ਰੱਖਿਆ ਹੈ।
ਉਨਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਬਦਲਦੇ ਸਮੇਂ ਦੇ ਮੁਤਾਬਕ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਇੰਡਸਟਰੀ ਦੀ ਮੰਗ ਅਨੁਸਾਰ 814 ਨਵੇਂ ਟ੍ਰੇਡ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅੱਵਲ ਦਰਜੇ ਦੀਆਂ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਲਈ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 107 ਕਿਸਮ ਦੀਆਂ ਦਵਾਈਆਂ ਅਤੇ 47 ਕਿਸਮ ਦੇ ਲੈਬ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਨੇੜਲੇ ਭਵਿੱਖ ਵਿੱਚ ਸਰਕਾਰ ਵੱਲੋਂ 200 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਉਨਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ 3.69 ਕਰੋੜ ਮਰੀਜ਼ਾਂ ਨੇ ਲਗਭਗ 1650 ਕਰੋੜ ਰੁਪਏ ਦਾ ਇਲਾਜ ਮੁਫ਼ਤ ਕਰਵਾਇਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਮੂਹ ਪੰਜਾਬੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੈਲਥ ਕਾਰਡ ਬਣਾਕੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਪ੍ਰਦਾਨ ਕੀਤਾ ਜਾਵੇਗਾ।

ਇਹ ਸਕੀਮ 2 ਅਕਤੂਬਰ, 2025 ਤੋਂ ਲਾਗੂ ਹੋ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਡੇਂਗੂ ਵਿਰੋਧੀ ਮੁਹਿੰਮ ‘ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ’ ਸਫ਼ਲਤਾਪੂਰਵਕ ਚੱਲ ਰਹੀ ਹੈ ਅਤੇ ਇਸ ਨਾਲ ਮੌਤ ਦਰ ਵਿੱਚ ਵੱਡੀ ਕਮੀ ਆਈ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ 1,700 ਐਮ ਬੀ ਬੀ ਐਸ ਸੀਟਾਂ ਹਨ, ਜਿਨ੍ਹਾਂ ਵਿੱਚੋਂ 850 ਸਰਕਾਰੀ ਸੰਸਥਾਵਾਂ ਵਿੱਚ ਹਨ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਛੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਸੰਗਰੂਰ, ਕਪੂਰਥਲਾ, ਹੁਸ਼ਿਆਰਪੁਰ, ਮੋਗਾ, ਐਸ ਬੀ ਐਸ ਨਗਰ ਅਤੇ ਮਲੇਰਕੋਟਲਾ ਸ਼ਾਮਲ ਹਨ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਰਾਜ ਵਿੱਚ 55 ਨਸ਼ਾ ਮੁਕਤੀ ਕੇਂਦਰ ਅਤੇ 548 ਨਸ਼ਾ ਮੁਕਤੀ ਦਵਾਈ ਕੇਂਦਰਾਂ ਵਿੱਚ ਨਸ਼ੇ ਤੋਂ ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। “ਯੁੱਧ ਨਸ਼ਿਆਂ ਵਿਰੁੱਧ” ਸਾਡੀ ਸਰਕਾਰ ਦੀ ਇੱਕ ਬੇਹੱਦ ਸਫਲ ਮੁਹਿੰਮ ਹੈ। ਇਸ ਦੇ ਨਾਲ ਹੀ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਮਿਸਾਲੀ ਪਹਿਲਕਦਮੀ ਤਹਿਤ ਐਂਟੀ-ਡਰੋਨ ਪ੍ਰਣਾਲੀ (ਏ.ਡੀ.ਐਸ.)ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਉਨਾਂ ਦੱਸਿਆ ਕਿ ਸਾਡੀ ਸਰਕਾਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਪ੍ਰਦਾਨ ਕੀਤੀ ਹੈ ਅਤੇ 1 ਅਪਰੈਲ 2024 ਤੋਂ ਲੈ ਕੇ 30 ਜੂਨ 2025 ਤੱਕ ਇਸ ਸਹੂਲਤ `ਤੇ ਲੱਗਭੱਗ 470 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਗਾਮੀ ਝੋਨੇ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ 15 ਸਤੰਬਰ ਤੱਕ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ। 190 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਲਈ ਜੰਗੀ ਪੱਧਰ ‘ਤੇ ਤਿਆਰੀਆਂ ਜ਼ੋਰਾਂ ਨਾਲ ਜਾਰੀ ਹਨ। ਉਨਾਂ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਕੁੱਲ 3293 ਖੇਡ ਮੈਦਾਨਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਅਤੇ 1666 ਖੇਡ ਮੈਦਾਨਾਂ ‘ਤੇ ਕੰਮ ਵੱਲ ਰਿਹਾ ਹੈ। ਸੂਬਾ ਸਰਕਾਰ ਵੱਲੋਂ ‘ਜੀਵਨਜੋਤ ਪ੍ਰੋਜੈਕਟ’ ਰਾਹੀਂ ਸੜਕਾਂ ‘ਤੇ ਭੀਖ ਮੰਗਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲ ਕਰਵਾ ਕੇ ਉੱਚ ਮਿਆਰੀ ਸਿੱਖਿਆ ਦੇਣ ਅਤੇ ਬਾਲ ਤਸਕਰੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਇਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਦਾ ਸਾਡੀ ਸਰਕਾਰ ਦਿਲੋਂ ਸਤਿਕਾਰ ਕਰਦੀ ਹੈ। ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਸਿੱਧੀ ਭਰਤੀ ਵਿੱਚ 13% ਰਾਖਵਾਂਕਰਨ ਦਿੱਤਾ ਜਾ ਰਿਹਾ ਹੈ।
ਉਨਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਜਿਲ੍ਹੇ ਵਿੱਚ ਸ਼ੁਰੂ ਕੀਤੀਆਂ ਨਵੀਆਂ ਪਹਿਕਦਮੀਆਂ ਜਿਵੇਂ ਕਿ ਫਿਊਚਰ ਟਾਈਕੂਨ, ਆਈ ਅਸਪਾਇਰ ਪ੍ਰੋਗਰਾਮ, 1700 ਤੋਂ ਵੱਧ ਟੀ.ਬੀ. ਮਰੀਜਾਂ ਨੂੰ ਖੁਰਾਕ ਲਈ ਗੋਦ ਲੈਣ, ਜ਼ਿਲ੍ਹੇ ਦੇ 100 ਪਰਾਲੀ ਨਾ ਸਾੜ੍ਹਨ ਵਾਲੇ ਕਿਸਾਨਾਂ ਨੂੰ ਕਿਸਾਨ ਹੀਰੋ ਸਨਮਾਨ ਦੇਣ ਅਤੇ ਇਸ ਸਾਲ ਵੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਤਰਜੀਹੀ ਕਾਰਡ ਦਿੱਤੇ ਜਾਣ ਦੀ ਸਰਹਾਨਾ ਕੀਤੀ। ਉਨਾਂ ਜਿਲ੍ਹਾ ਅੰਮ੍ਰਿਤਸਰ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰਣਜੀਤ ਐਵੀਨਿਊ ਅੰਮ੍ਰਿਤਸਰ, ਪੰਜਾਬ ਨੂੰ ਹੁਨਰ ਵਿਕਾਸ ਦੇ ਮਾਡਲ ਵਜੋਂ ਕੰਮ ਕਰਨ ਦੇ ਸਮਰੱਥਾ ਨੂੰ ਵੀ ਉਤਸ਼ਾਹਿਤ ਕੀਤਾ। ਉਨਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਸਾਲਾਂ ਸ਼ਹੀਦੀ ਦਿਵਸ ਨੂੰ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਸਥਾਨਾਂ ਦਾ ਵਿਕਾਸ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵਲੋਂ ਜਿਲ੍ਹਾ ਅੰਮ੍ਰਿਸਤਰ ਵਿਖੇ ਵੱਡੇ ਪੱਧਰ ‘ਤੇ ਸਮਾਗਮ ਉਲੀਕੇ ਜਾਣਗੇ।
ਇਸ ਮੌਕੇ ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ , ਵਿਧਾਇਕ ਡਾ. ਅਜੈ ਗੁਪਤਾ, ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਵਿਧਾਇਕ ਮੈਡਮ ਜੀਵਨਜੋਤ ਕੌਰ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਮੇਅਰ ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰੀ ਗੁਰਪ੍ਰਾਤਪ ਸਿੰਘ ਸੰਧੂ, ਚੇਅਰਮੈਨ ਸ੍ਰੀ ਸਤਪਾਲ ਸੋਖੀ, ਬੀਬੀ ਲਕਸ਼ਮੀਕਾਂਤਾ ਚਾਵਲਾ, ਸ੍ਰੀ ਪ੍ਰਭਬੀਰ ਬਰਾੜ, ਸ੍ਰੀ ਜਸਕਰਨ ਬੰਦੇਸ਼ਾ, ਸ੍ਰੀ ਗੁਰਪ੍ਰਤਾਪ ਸਿੰਘ ਸੰਧੂ, ਸ੍ਰੀ ਰਵਿੰਦਰ ਹੰਸ, ਸ੍ਰੀ ਅਰਵਿੰਦਰ ਸਿੰਘ ਭੱਟੀ ਅਤੇ ਹੋਰ ਆਗੂ ਹਾਜ਼ਰ ਸਨ।

 

 

Majha Mail