ਕਿਹਾ: ਸਾਬਕਾ ਸਰਕਾਰਾਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਤੇ ਨਸ਼ਿਆਂ ਚ ਖਲਨਾਇਕ ਬਣਾਇਆ
ਅੰਮ੍ਰਿਤਸਰ/ਅਜਨਾਲਾ/ਹਰਸ਼ਾ ਛੀਨਾ,8 ਅਗਸਤ (ਮੁਨੀਸ਼ ਸ਼ਰਮਾ) : ਅੱਜ ਹਲਕਾ ਅਜਨਾਲਾ ਦੇ ਵੱਖ ਵੱਖ ਪਿੰਡਾਂ ਚ ਸਵੇਰੇ ਚੱਕ ਫੂਲਾ, ਡੱਬਰ ਬਸਤੀ, ਸੇਖ ਭੱਟੀ ਜੱਟਾਂ ਵਾਲੀ ਤੇ ਚੱਕ ਬਾਲਾ ਵਿਖੇ ਕਰਵਾਈਆਂ ਗਈਆਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਪ੍ਰਭਾਵਸ਼ਾਲੀ ਨਸ਼ਾ ਮੁਕਤੀ ਯਾਤਰਾਵਾਂ ਮੌਕੇ ਜਨਤਕ ਰੈਲੀਆਂ ਚ ਜਦੋਂ ਕਿ ਬਾਅਦ ਦੁਪਿਹਰ ਤੋਂ ਸ਼ਾਮ ਤੱਕ ਇਸੇ ਤਰਜ ਤੇ ਪਿੰਡ ਕਾਮਲਪੁਰਾ , ਤੇੜੀ, ਘੁਕੇਵਾਲੀ ਤੇ ਸਹਿੰਸਰਾ ਪੱਤੀ ਰਾਮਪੁਰਾ ਵਿਖੇ ਹੋਈਆਂ ਯਾਤਰਾਵਾਂ ਤੇ ਰੈਲੀਆਂ ਚ ਜ਼ੋਸ਼ੀਲੇ ਉਤਸ਼ਾਹ ਨਾਲ ਇਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਸ਼ਮੂਲੀਅਤ ਕੀਤੀ ਗਈ। ਠਾਠਾਂ ਮਾਰਦੀਆਂ ਰੈਲੀਆਂ ਚ ਸ਼ਾਮਲ ਪੁਲਿਸ ਤੇ ਸਿਵਲ ਵਿਭਾਗਾਂ ਦੇ ਅਧਿਕਾਰੀਆਂ, ਸੇਲਫ ਡਿਫੈਂਸ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ, ਪੰਚਾਂ, ਸਰਪੰਚਾਂ, ਨੰਬਰਦਾਰਾਂ ਸਮੇਤ ਪੇਂਡੂ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਈ ਸਹਿਯੋਗ ਕਰਨ ਲਈ ਪ੍ਰੇਰਿਤ ਕਰਦਿਆਂ ਸਮੂਹਿਕ ਸਹੁੰ ਚੁਕਵਾਈ। ਰੈਲੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਤੇ ਸਾਬਕਾ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਰੰਗਲੇ ਪੰਜਾਬ ਦੀ ਮੁੜ ਬਹਾਲੀ ਲਈ ਵਿੱਢੇ ਯੁੱਧ ਨਸ਼ਿਆਂ ਵਿਰੁੱਧ ਨੂੰ ਅਜ਼ਾਦੀ ਦੀ ਤਰਜ਼ ਤੇ ਸੰਗਰਾਮ ਕਰਾਰ ਦਿੱਤਾ ਅਤੇ ਕਿਹਾ ਕਿ ਜਿਵੇਂ ਦੇਸ਼ ਭਗਤਾਂ ਨੇ ਬ੍ਰਿਟਿਸ਼ ਹਾਕਮਾਂ ਦੀ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਸੰਗਰਾਮ ਕੀਤਾ, ਉਸੇ ਤਰ੍ਹਾਂ ਹੀ ਸਾਬਕਾ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਵਲੋਂ ਕਥਿਤ ਤੌਰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਨਸ਼ਾ ਤਸਕਰਾਂ ਨੂੰ ਨਸ਼ਿਆਂ ਦੇ ਕਾਲੇ ਧੰਦੇ ਤੇ ਬੇਹਿਸਾਬੀ ਕਾਲੀ ਕਮਾਈ ਲਈ ਉਤਸ਼ਾਹਿਤ ਕਰਕੇ ਪੰਜਾਬ ਦੀ ਜੁਆਨੀ ਦੇ ਵੱਡੇ ਹਿੱਸੇ ਦੇ ਗਲ਼ ਚ ਨਸ਼ਿਆਂ ਦੇ ਜੂਲੇ ਦਾ ਫਾਹਾ ਟੰਗਿਆ ਹੋਇਆ ਸੀ, ਇਸੇ ਜੂਲੇ ਦੇ ਫਾਹੇ ਤੋਂ ਨੌਜੁਆਨਾਂ ਨੂੰ ਨਵਿਰਤ ਕਰਨ ਲਈ ਸਰਕਾਰੀ ਤੰਤਰ ਤੇ ਪੰਜਾਬ ਵਾਸੀਆਂ ਦੇ ਅਮਨ ਪਸੰਦ ਨਾਗਰਿਕਾਂ ਦੇ ਸਦਭਾਵੀ ਭਰਾਤਰੀ ਗਠਜੋੜ ਨਾਲ ਨਸ਼ਾ ਤਸਕਰਾਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਸੰਗਰਾਮ ਵਿੱਢਿਆ ਗਿਆ ਹੈ। ਜਿਸਦੇ ਵੱਡੇ ਮਿਲੇ ਸਾਰਥਿਕ ਨਤੀਜਿਆਂ ਦੇ ਮੱਦੇ ਨਜ਼ਰ ਪੰਜਾਬ ਹੁਣ ਨਸ਼ਿਆਂ ਵਿਰੁੱਧ ਬਦਲਾਅ ਵਜੋਂ ਖੇਡਾਂ, ਸਿਹਤ, ਸਿੱਖਿਆ, ਲੋਕ ਕਲਿਆਣਕਾਰੀ ਸਮਾਜਿਕ ਭਲਾਈ, ਬਹੁ ਪੱਖੀ ਵਿਕਾਸ ਤੇ ਦੇਸੀ – ਵਿਦੇਸ਼ੀ ਮੈਗਾ ਪੂੰਜੀ ਨਿਵੇਸ਼ ਦੀ ਕ੍ਰਾਂਤੀ ਹੱਬ ਦਾ ਧੁਰਾ ਬਣ ਉਭਰ ਪਿਆ ਹੈ। ਉਹਨਾਂ ਨੇ ਸਾਬਕਾ ਸਰਕਾਰਾਂ ਤੇ ਤਾਬੜ ਤੋੜ ਰਾਜਸੀ ਹਮਲੇ ਕਰਦਿਆਂ ਇਹ ਵੀ ਕਿਹਾ ਕਿ ਸਾਬਕਾ ਸਰਕਾਰਾਂ ਵਲੋਂ ਪੰਜਾਬ ਕ ਕਥਿਤ ਭ੍ਰਿਸ਼ਟਾਚਾਰ ਦੇ ਮੰਦਭਾਗੇ ਵਰਤਾਰੇ ਦਾ ਕਹਿਰ ਵਰਤਾਅ ਕੇ ਸਰਕਾਰੀ ਤੇ ਗੈਰ ਸਰਕਾਰੀ ਖ਼ਜ਼ਾਨੇ ਨੂੰ ਦੋਹੀਂ ਹੱਥੀਂ ਲੁੱਟੇ ਜਾਣ ਤੇ ਨਸ਼ਿਆਂ ਦੇ ਛੇਵੇਂ ਦਰਿਆ ਦੀ ਤੇਜ ਗਤੀ ਚ ਰੋੜ੍ਹੇ ਪਾ ਕੇ ਰੰਗਲੇ ਪੰਜਾਬ ਦੀ ਖੁਸ਼ਹਾਲੀ ਦਾ ਅਕਸ ਕੌਮੀ ਤੇ ਕੌਮਾਂਤਰੀ ਪੱਧਰ ਤੇ ਖਲਨਾਇਕ ਬਣਾ ਦਿੱਤਾ ਗਿਆ ਸੀ,ਅਤੇ ਕਿਸੇ ਵੀ ਛੋਟੇ ਵੱਡੇ ਪੂੰਜੀ ਨਵੇਸ਼ਿਕ ਦੇ ਪੰਜਾਬ ਚ ਵਪਾਰ/ ਉਦਯੋਗ ਚ ਪੈਸਾ ਲਗਾਉਣ ਤੋਂ ਮੂੰਹ ਮੋੜ ਜਾਣ ਕਾਰਨ ਰੁਜ਼ਗਾਰ ਦੇ ਮੌਕੇ ਖਤਮ ਹੋ ਕੇ ਰਹਿ ਗਏ ਤੇ ਬੇਰੁਜ਼ਗਾਰੀ ਚ ਅਥਾਹ ਵਾਧਾ ਦਰਜ ਹੋਇਆ ਪਿਆ ਸੀ। ਜਦੋਂ ਕਿ ਅੱਜ ਪੂੰਜੀ ਨਿਵੇਸ਼ਕ ਆਪਣੀ ਪੂੰਜੀ ਨੂੰ ਸੁਰੱਖਿਅਤ ਸਮਝਦੇ ਹੋਏ ਖੁੱਲ ਕੇ ਪੰਜਾਬ ਚ ਪੂੰਜੀ ਨਿਵੇਸ਼ ਲਈ ਅੱਗੇ ਆਏ ਹਨ। ਸ: ਧਾਲੀਵਾਲ ਨੇ ਕਿਹਾ ਕਿ ਜਦੋਂ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਲਿਖੀ ਜਾਵੇਗੀ, ਉਦੋਂ ਯੁੱਧ ਨਸ਼ਿਆ ਵਿਰੁੱਧ ਸੰਗਰਾਮ ਚ ਕੌਮੀ ਪੱਧਰ ਤੇ ਉੱਭਰੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਇੱਕ ਦੇਸ਼ ਭਗਤ ਹੀਰੋ ਅਤੇ ਸਰਗਰਮ ਭਮਿਕਾ ਨਿਭਾ ਰਹੇ ਸੇਲਫ ਡਿਫੈਂਸ ਕਮੇਟੀਆਂ ਦੇ ਅਹੁਦੇਦਾਰਾਂ, ਪੰਚਾਂ ਸਰਪੰਚਾਂ ਨੰਬਰਦਾਰਾਂ ਤੇ ਹੋਰ ਯੋਧਿਆਂ ਦੇ ਨਾਂਅ ਦੇਸ਼ ਭਗਤਾਂ ਦੀ ਸੂਚੀ ਚ ਦਰਜ ਹੋਣਗੇ । ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਡੀ ਐਸ ਪੀ ਗੁਰਵਿੰਦਰ ਸਿੰਘ ਔਲਖ, ਬੀ ਡੀ ਪੀ ਓ ਅਜਨਾਲਾ ਸਿਤਾਰਾ ਸਿੰਘ ਵਿਰਕ, ਬੀ ਡੀ ਪੀ ਓ ਹਰਸ਼ਾਂ ਛੀਨਾ ਪ੍ਰਗਟ ਸਿੰਘ, ਐਸ ਐਚ ਓ ਅਜਨਾਲਾ ਹਰਚੰਦ ਸਿੰਘ, ਐਸ ਐਚ ਓ ਝੰਡੇਰ ਕੋਮਲਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਚ ਪੰਚ ਸਰਪੰਚ ਤੇ ਹੋਰ ਮੋਹਤਬਰ ਮੌਜੂਦ ਸਨ।
ਕੈਪਸਨ: ਨਸ਼ਾ ਮੁਕਤੀ ਯਾਤਰਾਵਾਂ ਤੇ ਰੈਲੀਆਂ ਚ ਸ਼ਾਮਲ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ।