ਜਿਲਾ ਲਾਇਬਰੇਰੀ ਵਿੱਚ ਕਲਾ ਅਤੇ ਸਭਿਆਚਾਰ ਦੇ ਪਸਾਰ ਲਈ ਬਣਾਇਆ ਜਾਵੇਗਾ ਸਿਰਜਣਾ ਕੇਂਦਰ
ਅੰਮ੍ਰਿਤਸਰ, 6 ਅਗਸਤ 2025 (ਮੁਨੀਸ਼ ਸ਼ਰਮਾ) : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਚੰਗੇ ਸਾਹਿਤ ਅਤੇ ਗਿਆਨ ਦੇ ਪਸਾਰ ਲਈ ਲਾਇਬਰੇਰੀਆਂ ਸ਼ੁਰੂ ਕਰਨ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਹੈ ਨੂੰ ਸਰਹੱਦੀ ਖੇਤਰ ਤੱਕ ਫੈਲਾਉਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਡਾਂ ਵਿੱਚ ਲਾਇਬਰੇਰੀਆਂ ਬਣਾਉਣ ਦਾ ਬੀੜਾ ਚੁੱਕਿਆ ਹੈ।
ਕੱਲ ਉਨਾਂ ਨੇ ਇਸ ਸੰਬੰਧ ਵਿੱਚ ਮੀਟਿੰਗ ਕਰਦੇ ਹੋਏ ਸਪਸ਼ਟ ਕੀਤਾ ਕਿ ਇਹਨਾਂ ਲਾਇਬਰੇਰੀਆਂ ਵਿੱਚ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਵੱਖ ਵੱਖ ਭਾਸ਼ਾ ਦੀਆਂ ਕਿਤਾਬਾਂ ਮੁਹਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇੱਥੇ ਬੱਚਿਆਂ ਨੂੰ ਦੁਨੀਆਂ ਦੀਆਂ ਵੱਡੀਆਂ ਲਾਇਬਰੇਰੀਆਂ ਨਾਲ ਜੁੜਨ ਲਈ ਕੰਪਿਊਟਰ ਅਤੇ ਵਾਈਫਾਈ ਇੰਟਰਨੈਟ ਦੀ ਸਹੂਲਤ ਦਿੱਤੀ ਜਾਵੇਗੀ ਉਨਾਂ ਦੱਸਿਆ ਕਿ ਇਸ ਕੰਮ ਲਈ ਸਕੂਲ ਅਧਿਆਪਕਾਂ ਸਮਾਜ ਸੇਵੀਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਮਦਦ ਲਈ ਜਾਵੇਗੀ।
ਇਸ ਦੇ ਨਾਲ ਹੀ ਉਹਨਾਂ ਨੇ ਜਿਲ੍ਹਾ ਲਾਇਬਰੇਰੀ ਦਾ ਦੌਰਾ ਕਰਦੇ ਹੋਏ ਉਸ ਦੀ ਪਹਿਲੀ ਮੰਜ਼ਿਲ ਉੱਤੇ ਕਲਾ ਅਤੇ ਸੱਭਿਆਚਾਰ ਦੇ ਪਸਾਰ ਲਈ ਅਜਿਹਾ ਕੇਂਦਰ ਜਿਸ ਵਿੱਚ ਪਰਫੋਰਮਿੰਗ ਆਰਟ ਜਿਵੇਂ ਕਿ ਕਾਵਿ ਸਿਰਜਣਾ, ਪੇਂਟਿੰਗ, ਗੀਤ ਸੰਗੀਤ, ਨਾਟਕ ਕਲਾ ਆਦਿ ਸਿਖਾਉਣ ਦਾ ਪ੍ਰਬੰਧ ਕਰਨ ਦਾ ਫੈਸਲਾ ਲਿਆ ਹੈ ਇਸ ਕੇਂਦਰ ਦਾ ਨਾਂ ਸਿਰਜਣਾ ਕੇਂਦਰ ਰੱਖਿਆ ਜਾਵੇਗਾ ਅਤੇ ਇਸ ਵਿੱਚ ਬੱਚਿਆਂ ਤੇ ਜਵਾਨਾਂ ਨੂੰ ਵੱਖ ਵੱਖ ਕਲਾ ਦੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਤੋਂ ਇਲਾਵਾ ਇੱਥੇ ਸ਼ਤਰੰਜ, ਜਿਸ ਨੂੰ ਬਣਾਉਣ ਵਿੱਚ ਅੰਮ੍ਰਿਤਸਰ ਦੇ ਕਾਰੀਗਰ ਵੱਡਾ ਯੋਗਦਾਨ ਪਾ ਰਹੇ ਹਨ, ਦੀ ਖੇਡ ਸਿਖਾਉਣ ਲਈ ਵੀ ਬੰਦੋਬਸਤ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ , ਸੈਕਟਰੀ ਰੈਡ ਕ੍ਰਾਸ ਸ੍ਰੀ ਸੈਮਸਨ ਮਸੀਹ ਅਤੇ ਹੋਰ ਅਧਿਕਾਰੀ ਹਾਜ਼ਰ ਸਨ ।