ਅੰਮ੍ਰਿਤਸਰ, 4 ਅਗਸਤ (ਮੁਨੀਸ਼ ਸ਼ਰਮਾ) : ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਦੀ 33ਵੀਂ ਬਰਸੀ ਨੂੰ ਸਮਰਪਿਤ ਜੋ ਪ੍ਰੋਗਰਾਮ ਚਲਾਏ ਜਾ ਰਹੇ ਹਨ, ਉਨ੍ਹਾਂ ਦੀ ਲੜੀ ਤਹਿਤ ਅੱਜ ਪਿੰਗਲਵਾੜਾ ਮੁੱਖ ਦਫ਼ਤਰ, ਅੰਮ੍ਰਿਤਸਰ ਵਿੱਚ ਸੱਭਿਆਚਾਰ ਅਤੇ ਆਚਰਣ ਵਿਸ਼ੇ ਤੇ ਡੂੰਘੀਆਂ ਵਿਚਾਰਾਂ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ, ਪਿੰਗਲਵਾੜਾ ਸੰਸਥਾ ਨੇ ਆਏ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਜੀ ਆਇਆਂ ਕਿਹਾ। ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਬੀਤੇ ਦਿਨੀਂ ਉਹਨਾਂ ਕੋਲ ਪਿੰਗਲਵਾੜਾ ਸੰਸਥਾ ਵਿੱਚ ਆਏ ਨਸ਼ੇ ਤੋਂ ਗ੍ਰਸਤ ਲੜਕੇ-ਲੜਕੀਆਂ ਦੀ ਹਾਲਤ ਵੇਖ ਕੇ ਉਹਨਾਂ ਦਾ ਹਿਰਦਾ ਵਲੂੰਧਰਿਆ ਗਿਆ ਅਤੇ ਉਹ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਗ੍ਰਸਤ ਹੋਣ ਕਰਕੇ ਬੜੇ ਫਿਕਰਮੰਦ ਹਨ, ਇਸੇ ਕਰਕੇ ਉਹਨਾਂ ਸੈਮੀਨਾਰ ਦਾ ਵਿਸ਼ਾ ਅਜਿਹਾ ਚੁਣਿਆ ਹੈ ਕਿ ਨੌਜਵਾਨਾਂ ਨੂੰ ਇਕ ਸਹੀ ਸੇਧ ਮਿਲੇ ਤੇ ਉਹਨਾਂ ਦਾ ਆਚਰਣ ਉੱਚਾ ਹੋਵੇ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਹੜੀਆਂ ਕੌਮਾਂ ਸੱਭਿਆਚਾਰ ਤੇ ਆਚਰਣ ਵੱਲੋਂ ਨਿੱਘਰ ਜਾਂਦੀਆਂ ਹਨ, ਉਹਨਾਂ ਦਾ ਖ਼ਾਤਮਾ ਜਲਦੀ ਹੋ ਜਾਂਦਾ ਹੈ, ਅਫ਼ਸੋਸ ਹੈ ਕਿ ਪੰਜਾਬੀਆਂ ਦਾ ਸੱਭਿਆਚਾਰ ਤੇ ਆਚਰਣ ਦਿਨੋਂ-ਦਿਨ ਮਨਫ਼ੀ ਹੋ ਰਿਹਾ ਹੈ। ਇਸ ਸੈਮੀਨਾਰ ਵਿੱਚ ਸਭ ਤੋਂ ਪਹਿਲਾਂ ਡਾ.ਸਵਰਾਜਬੀਰ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਨੂੰ ਸਮਾਜ ਨੂੰ ਖੁਸ਼ਹਾਲ ਬਣਾਉਣ ਲਈ ਬਰਾਬਰਤਾ ਜ਼ਰੂਰੀ ਹੈ। ਜੇਕਰ ਸਾਡਾ ਆਚਰਣ ਉੱਚਾ ਹੋਵੇਗਾ ਤਾਂ ਅਸੀਂ ਅਸਲ ਲਫ਼ਜ਼ਾਂ ਵਿੱਚ ਮਨੁੱਖ ਹਾਂ। ਉਹਨਾਂ ਮਨੁੱਖਾਂ ਦੇ ਆਚਰਣ ਨੂੰ ਉੱਚਾ ਚੁੱਕਣ ਲਈ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਗੁਰਬਾਣੀ ਵਿੱਚ ਦਰਜ ਸਤਰਾਂ ਦਾ ਵੀ ਹਵਾਲਾ ਦਿੱਤਾ ਅਤੇ ਉਸ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਤੋਂ ਉਪਰੰਤ ਉੱਘੇ ਵਿਦਵਾਨ ਸ੍ਰ. ਹਮੀਰ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਭਗਤ ਪੂਰਨ ਸਿੰਘ ਨੇ ਸੱਭਿਆਚਾਰ ਤੇ ਆਚਰਣ ਸਮਾਜ ਨੂੰ ਜੋ ਖੁਦ ਮਿਸਾਲ ਵਜੋਂ ਪੇਸ਼ ਕੀਤਾ ਅਜਿਹਾ ਕੋਈ ਵਿਰਲਾ ਹੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਅਜੋਕੇ ਸਮਾਜ ਵਿੱਚ ਜੋ ਉਣਤਾਈਆਂ ਆ ਰਹੀਆਂ ਹਨ। ਉਹਨਾਂ ਖਿਲਾਫ਼ ਅੱਜ ਸਾਨੂੰ ਉੱਠ ਖੜ੍ਹਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਬੱਤ ਦੇ ਭਲੇ ਲਈ ਕੰਮ ਕਰਨਾ ਸਿੱਖਣਾ ਹੋਵੇ ਤਾਂ ਪਿੰਗਲਵਾੜਾ ਤੋਂ ਉੱਪਰ ਕੋਈ ਸੰਸਥਾ ਨਹੀਂ ਹੈ। ਡਾ. ਗੁਰਚਰਨ ਸਿੰਘ ਨੂਰਪਰ ਜੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਂਵਾਂ ਦਰਿਆ ਜੋ ਵਹਿ ਰਿਹਾ ਹੈ ਉਹ ਪੰਜਾਬ ਦੀ ਨੌਜਵਾਨੀ ਨੂੰ ਖਾਤਮੇ ਵੱਲ ਲੈ ਕੇ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ, ਅਜੋਕੀ ਨੌਜਵਾਨੀ ਦਾ ਆਚਰਣ ਉੱਚਾ ਸੁੱਚਾ ਹੋਵੇ ਇਸ ਲਈ ਸਾਨੂੰ ਸਮਾਜ ਵਿੱਚ ਜੋ ਕੁਰੀਤੀਆਂ ਫੈਲ ਰਹੀਆਂ ਹਨ, ਉਹਨਾਂ ਵਿਰੁੱਧ ਲੜਨ ਦੀ ਸਖਤ ਲੋੜ ਹੈ।ਉੱਘੇ ਬੁਲਾਰੇ ਅਤੇ ਵਿਦਵਾਨ ਡਾ.ਸੁਮੇਲ ਸਿੰਘ
ਨੇ ਆਪਣੇ ਵਿਚਾਰਾਂ ਦੀ ਸਾਂਝ
ਪਾਉਂਦੇ ਹੋਏ ਕਿਹਾ ਕਿ ਸਚਿਆਰ ਮਨੁੱਖਾਂ ਦੀ ਘਾੜਤ ਸਮੇਂ ਦੀ ਲੋੜ ਹੈ ਅਤੇ ਪਿੰਗਲਵਾੜਾ ਸੰਸਥਾ ਅਜਿਹੇ ਸੈਮੀਨਾਰ, ਸਾਹਿਤ ਦੀ ਵੰਡ ਕਰਕੇ ਭਰਪੂਰ ਯੋਗਦਾਨ ਪਾ ਰਹੀ ਹੈ, ਪੰਜਾਬ ਦੀਆਂ ਕੁਰੀਤੀਆਂ ਵਿਰੁੱਧ ਇਕ ਵੱਡਾ ਅੰਦੋਲਨ ਸ਼ੁਰੂ ਕਰਨਾ ਸਮੇਂ ਦੀ ਲੋੜ ਹੈ।
ਇਸ ਮੌਕੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਐੱਮ.ਐੱਲ.ਏ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਪ੍ਰੋਗਰਾਮ ਨੂੰ ਸਮੇਟਦੇ ਹੋਏ ਕਿਹਾ ਕਿ ਭਗਤ ਪੂਰਨ ਸਿੰਘ ਨੇ ਉੱਚਾ-ਸੁੱਚਾ ਜੀਵਨ ਜਿਉਂ ਕੇ ਜੋ ਸਮਾਜ ਨੂੰ ਮਿਸਾਲ ਪੇਸ਼ ਕੀਤੀ, ਉਹ ਕੋਈ ਸਧਾਰਨ ਗੱਲ ਨਹੀਂ ਹੈ ਅਤੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋਂ ਪਲ-ਪਲ ਸਿੱਖ ਕੇ ਅਸੀਂ ਸਚਿਆਰ ਮਨੁੱਖ ਬਣ ਸਕਦੇ ਹਾਂ। ਡਾ.ਕੁੰਵਰ ਵਿਜੈ ਪ੍ਰਤਾਪ ਜੀ ਨੇ ਆਪਣੀ ਸੰਪਤੀ ਵੀ ਪਿੰਗਲਵਾੜਾ ਸੰਸਥਾ ਦੇ ਨਾਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੀ ਅਸ਼ੋਕ ਸੇਠੀ ਉਚੇਚੇ ਤੌਰ ਤੇ “ਮੁੱਖ ਮਹਿਮਾਨ” ਵਜੋਂ ਪੁੱਜੇ। ਇਸ ਮੌਕੇ ਆਏ ਮਹਿਮਾਨਾਂ-ਵਿਦਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਸ੍ਰ. ਅਮਰਜੀਤ ਸਿੰਘ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਇਸ ਸੈਮੀਨਾਰ ਨੂੰ ਸੁਣਨ ਲਈ ਚੀਫ਼ ਖਾਲਸਾ ਦੀਵਾਨ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਕਾਲਜ ਅੰਮ੍ਰਿਤਸਰ, ਸ੍ਰੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਸਾਹਿਬ, ਭਗਤ ਪੂਰਨ ਸਿੰਘ ਗੁਰਮਤਿ ਕਾਲਜ ਰਾਜੇਵਾਲ ਤੋਂ ਸੈਂਕੜੇ ਵਿਿਦਆਰਥੀ, ਬਾਬਾ ਗੁਰਮੁੱਖ ਸਿੰਘ ਅਤੇ ਉੱਤਮ ਸਿੰਘ ਸਕੂਲ ਖਡੂਰ ਸਾਹਿਬ, ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਡੈੱਫ਼, ਭਗਤ ਪੂਰਨ ਸਿੰਘ ਇੰਸਟੀਚਿਊਟ ਫ਼ਾਰ ਸਪੈਸ਼ਲ ਨੀਡਜ਼ ਮਾਨਾਂਵਾਲਾ, ਸਮੂਹ ਸਕੂਲਾਂ ਦਾ ਸਟਾਫ਼ ਵੱਖ-ਵੱਖ ਵਾਰਡਾਂ ਵਿਭਾਗਾਂ ਦੇ ਸੇਵਾਦਾਰ ਹਾਜ਼ਰ ਸਨ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਸ੍ਰ.ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਸ੍ਰ. ਰਾਜਬੀਰ ਸਿੰਘ ਜੀ ਮੈਂਬਰ ਪਿੰਗਲਵਾੜਾ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰ ਕੌਰ ਮੈਂਬਰ ਪਿੰਗਲਵਾੜਾ, ਸ਼੍ਰੀ ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਸ੍ਰ. ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਸ੍ਰ. ਪਰਮਿੰਦਰਜੀਤ ਸਿੰਘ ਭੱਟੀ, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ.ਗੁਰਨਾਇਬ ਸਿੰਘ, ਡਾ. ਨਿਰਮਲ ਸਿੰਘ, ਡਾ. ਇੰਦਰਜੀਤ ਕੌਰ (ਰੇਨੂੰ), ਬੀਬੀ ਸੁਰਿੰਦਰ ਕੌਰ ਭੱਟੀ, ਬੀਬੀ ਰਾਜਵਿੰਦਰ ਕੌਰ ਬਾਜਵਾ (ਰਿਟਾ.) ਇੰਸਪੈਕਟਰ, ਸ਼੍ਰੀ ਪਵਨ ਸ਼ਰਮਾ, ਵਾਰਡਾਂ ਅਤੇ ਹੋਸਟਲ ਇੰਚਾਰਜ ਆਦਿ ਹਾਜ਼ਰ ਸਨ।