Advertisement

ਸ਼ਹਿਰ ਵਿਚੋ ਕੂੜੇ ਦੀ ਸਮੱਸਿਆ ਤੋ ਨਿਜ਼ਾਤ ਲਈ ਰੈਪਿਡ ਰਿਸਪਾਂਸ ਟੀਮਾਂ ਨੇ ਕੀਤਾ ਕੰਮ ਸ਼ੁਰੂ

ਕਾਰ ਸੇਵਾ ਬਾਬਾ ਭੂਰੀ ਵਾਲੇ ਅਤੇ ਡੇਰਾ ਬਿਆਸ ਨੇ ਦਿੱਤਾ ਸਹਿਯੋਗ

ਅੰਮ੍ਰਿਤਸਰ,  31 ਜੁਲਾਈ (ਮੁਨੀਸ਼ ਸ਼ਰਮਾ): ਸ਼ਹਿਰ ਵਿਚੋ ਕੂੜੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਪਹਿਲਾ ਕੰਮ ਕਰ ਰਹੀਆਂ ਕਾਰਪੋਰੇਸ਼ਨ ਦੀਆਂ ਟੀਮਾਂ ਦੇ ਨਾਲ ਨਾਲ ਨਗਰ ਨਿਗਮ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਗਠਿਤ ਕੀਤੀਆਂ ਗਈਆਂ ਰੈਪਿਡ ਰਿਸਪਾਂਸ ਟੀਮਾਂ, ਜਿੰਨਾ ਦਾ ਮੁੱਖ ਉਦੇਸ਼ ਪ੍ਰਮੱਖ ਸੜਕਾਂ ਤੋਂ ਕੂੜੇ ਨੂੰ ਤੁਰੰਤ ਹਟਾਉਣਾ ਹੈ, ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਣ ਯੋਗ ਹੈ ਕਿ ਸ਼ਹਿਰ ਵਿੱਚੋਂ ਕੂੜਾ ਚੁੱਕਣ ਲਈ ਜਾਰੀ ਕੀਤੇ ਗਏ ਨਵੇਂ ਟੈਂਡਰ ਤੱਕ ਇਹ ਟੀਮਾਂ ਕੰਮ ਕਰਨਗੀਆਂ ਅਤੇ ਇਸ ਵਿੱਚ ਕਾਰ ਸੇਵਾ ਵਾਲੇ ਬਾਬਾ ਭੂਰੀ ਵਾਲੇ ਤੇ ਡੇਰਾ ਬਿਆਸ ਵੱਲੋਂ ਟਰੈਕਟਰ ਟਰਾਲੀਆਂ, ਟਿੱਪਰ ਅਤੇ ਹੋਰ ਮਸ਼ੀਨਰੀ ਦਾ ਸਹਿਯੋਗ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿ਼ਸਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਗਰ ਨਿਗਮ ਵਲੋ  ਜੋ ਸ਼ਹਿਰ ਦਾ ਕੂੜਾ ਚੁੱਕਣ ਲਈ ਨਵਾਂ ਟੈਂਡਰ ਦਿੱਤਾ ਗਿਆ ਹੈ, ਜਿੰਨਾ ਚਿਰ ਉਸ ਟੈਂਡਰ ਅਨੁਸਾਰ ਕੰਮ ਹੋਣਾ ਨਹੀਂ ਸ਼ੁਰੂ ਹੁੰਦਾ, ਉਦੋ ਤੱਕ ਇੰਨ੍ਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਰੈਪਿਡ ਐਕਸ਼ਨ ਟੀਮਾਂ ਬਣਾ ਕੇ ਕੰਮ ਕੀਤਾ ਜਾਵੇਗਾ ਅਤੇ ਸ਼ਹਿਰ ਨੂੰ ਕੂੜਾ ਮੁਕਤ ਕੀਤਾ ਜਾਵੇਗਾ।
ਕਮਿਸ਼ਨਰ ਨਗਰ ਨਿਗਮ ਸ: ਗੁਲਪ੍ਰੀਤ ਸਿੰਘ ਅੋਲਖ ਨੇ ਦੱਸਿਆ ਕਿ ਉਕਤ ਸੰਸਥਾਵਾਂ ਦੇ ਸਹਿਯੋਗ ਨਾਲ ਨਗਰ ਨਿਗਮ ਵਲੋ ਆਪਣੇ ਕਰਮਚਾਰੀ ਲਗਾ ਦਿੱਤੇ ਗਏ ਹਨ ਅਤੇ ਇੰਨਾ ਨੇ ਸ਼ਹਿਰ ਵਿਚ ਕੂੜੇ ਦੀ ਲਿਫਟਿੰਗ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਰੈਪਿੰਡ ਰਿਸਪਾਂਸ ਟੀਮਾਂ ਤੇ ਨੋਡਲ ਅਧਿਕਾਰੀ ਵਜੋਂ ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਅਤੇ ਕਾਰਪੋਰੇਸ਼ਨ ਦੇ ਸਿਹਤ ਅਧਿਕਾਰੀ ਡਾਕਟਰ ਕਿਰਨ ਵੀ ਤਾਇਨਾਤ ਕੀਤੇ ਗਏ ਹਨ, ਜੋ ਆਪਣਾ ਰੂਟ ਤਿਆਰ ਕਰਕੇ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਸਹਿਰ ਵਿਚੋ ਕੂੜਾ ਚੁਕਣਾ ਸ਼ੁਰੂ ਕਰ ਦਿੱਤਾ ਗਿਆ ਹੈ ।
Majha Mail