Advertisement

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਹੈਲਥ ਐਂਡ ਵੈਲਨੈਸ ਸੈਂਟਰ ਦਾ ਕੀਤਾ ਉਦਘਾਟਨ

ਹਲਕੇ ਦੇ 163 ਸਕੂਲਾਂ ਦੀ ਕਾਇਆ ਕਲਪ ਕੀਤੀ -ਈਟੀਓ

ਅੰਮ੍ਰਿਤਸਰ, 26 ਜੁਲਾਈ ( ਮੁਨੀਸ਼ ਸ਼ਰਮਾ) : ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਧਰਦਿਉ ਵਿਖੇ ਨਵੇਂ ਬਣਾਏ ਹੈਲਥ ਐਂਡ ਵੈਲਨੈਸ ਸੈਂਟਰ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਿਹਤ ਅਤੇ ਸਿੱਖਿਆ ਕ੍ਰਾਂਤੀ ਉੱਤੇ ਲਗਾਤਾਰ ਕੰਮ ਕਰਦੇ ਹੋਏ ਸੂਬੇ ਦੇ 20 ਹਜਾਰ ਦੇ ਕਰੀਬ ਸਰਕਾਰੀ ਸਕੂਲਾਂ ਨੂੰ ਅਪਗਰੇਡ ਕੀਤਾ ਹੈ। ਉਹਨਾਂ ਦੱਸਿਆ ਕਿ ਇਸੇ ਤਹਿਤ ਜੰਡਿਆਲਾ ਹਲਕੇ ਦੇ 163 ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਚੁੱਕੀ ਹੈ। ਉਹਨਾਂ ਪਿੰਡ ਵਾਸੀਆਂ ਨੂੰ ਇਸ ਹੈਲਥ ਸੈਂਟਰ ਦੀ ਵਧਾਈ ਦਿੰਦਿਆਂ ਪੰਚਾਇਤ ਦਾ ਖਾਸ ਧੰਨਵਾਦ ਕੀਤਾ, ਜਿਨਾਂ ਨੇ ਇਸ ਸਾਂਝੇ ਕੰਮ ਲਈ ਥਾਂ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਡੀ ਸਰਕਾਰ ਨੇ ਸਿਹਤ ਅਤੇ ਸਿੱਖਿਆ ਵੱਲ ਧਿਆਨ ਦੇਣ ਦਾ ਜੋ ਵਾਅਦਾ ਪੰਜਾਬੀਆਂ ਨਾਲ ਕੀਤਾ ਸੀ ਉਹ ਪੂਰਾ ਕੀਤਾ ਹੈ ਅਤੇ ਇਸ ਵੇਲੇ ਪੰਜਾਬ ਕੇਂਦਰ ਸਰਕਾਰ ਦੇ ਸਰਵੇ ਅਨੁਸਾਰ ਸਕੂਲਾਂ ਦੇ ਇਨਫਰਾ ਸਟਰਕਚਰ ਵਿੱਚ ਪਹਿਲੇ ਨੰਬਰ ਉੱਤੇ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਉਹ ਰਿਕਾਰਡ ਕੰਮ ਕੀਤੇ ਹਨ, ਜੋ ਕਿ ਪਿਛਲੀਆਂ ਸਰਕਾਰਾਂ 75 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਪ੍ਰਤੀ ਘਰ 600 ਯੂਨਿਟ ਮੁਫ਼ਤ ਬਿਜਲੀ ਸਰਕਾਰ ਵੱਲੋਂ ਥਰਮਲ ਪਲਾਂਟ ਦੀ ਖਰੀਦ ਪਛਵਾੜਾ ਕੋਲ ਖਾਣ ਚਾਲੂ ਕਰਨੀ, ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣਾ, ਕਿਸਾਨਾਂ ਨੂੰ ਖੇਤੀ ਲਈ ਦਿਨ ਦੇ ਸਮੇਂ ਅੱਠ ਘੰਟੇ ਤੋਂ ਵੱਧ ਸਮਾਂ ਨਿਰਵਿਘਨ ਬਿਜਲੀ ਦੇਣੀ, ਭਿਖਾਰੀਆਂ ਦੇ ਡੀਐਨਏ ਟੈਸਟ ਕਰਾਉਣੇ, ਸੜਕ ਹਾਦਸਿਆਂ ਵਿੱਚ ਜ਼ਖ਼ਮੀ ਲੋਕਾਂ ਦੀ ਸਹਾਇਤਾ ਲਈ ਸੜਕ ਸੁਰੱਖਿਆ ਫੋਰਸ ਬਣਾਉਣੀ ਅਤੇ ਹੁਣ ਨਸ਼ਿਆਂ ਵਿਰੁੱਧ ਚੱਲ ਰਹੇ ਯੁੱਧ ਵਿੱਚ ਮੰਤਰੀਆਂ ਤੇ ਵਿਧਾਇਕ ਸਾਹਿਬਾਨਾਂ ਵੱਲੋਂ ਘਰ ਘਰ ਜਾ ਕੇ ਦਸਤਕ ਦੇਣੀ, ਅਜਿਹੇ ਕੰਮ ਹਨ ਜੋ ਕਿ ਪੰਜਾਬ ਦੇ ਭਲੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਹਨ। ਇਸ ਮੌਕੇ ਉਹਨਾਂ ਨੇ ਪਿੰਡ ਦੀ ਫਿਰਨੀ ਬਣਾਉਣ ਦਾ ਵੀ ਭਰੋਸਾ ਪਿੰਡ ਵਾਸੀਆਂ ਨੂੰ ਦਿੱਤਾ । ਇਸ ਮੌਕੇ ਐਸਐਮਓ ਸ੍ਰੀ ਨੀਰਜ ਭਾਟੀਆ, ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Majha Mail