ਅੰਮ੍ਰਿਤਸਰ 23 ਜੁਲਾਈ (ਮੁਨੀਸ਼ ਸ਼ਰਮਾ) : ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਸਥਾਨਕ ਪੀ.ਐਸ.ਪੀ.ਸੀ.ਐਲ ਰੈਸਟ ਹਾਊਸ ਬਟਾਲਾ ਰੋਡ ਵਿਖੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਅਧਿਕਾਰੀਆਂ, ਸਿੱਖਿਆ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਹਲਕੇ ਦੇ ਵਿਕਾਸ ਕੰਮਾਂ, ਸਮੱਸਿਆਵਾਂ ਦੇ ਹੱਲ, ਸਕੂਲਾਂ ਦੇ ਚੱਲ ਰਹੇ ਕੰਮਾਂ ਤੇ ਵਿਦਿਆਰਥੀਆਂ ਦੀ ਦਾਖਲਾ ਮੁਹਿੰਮ, ਜੰਡਿਆਲਾ ਗੁਰੂ ਸ਼ਹਿਰ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਸਬੰਧੀ ਵੱਖ ਵੱਖ ਵਿਸ਼ਿਆਂ ਤੇ ਵਿਸਥਾਰਤ ਚਰਚਾ ਕੀਤੀ।
ਉਹਨਾਂ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਮਨਦੀਪ ਕੌਰ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਦੇ ਦਿਨਾਂ ਵਿੱਚ ਜੰਡਿਆਲਾ ਗੁਰੂ ਕਸਬੇ ਦੀ ਸਾਫ ਸਫਾਈ ਵੱਲ ਧਿਆਨ ਦੇਣ ਦੇ ਨਾਲ ਨਾਲ ਸ਼ਹਿਰ ਦੀ ਸੁਰੱਖਿਆ ਲਈ ਸ਼ਹਿਰ ਦੇ ਚਾਰੇ ਪਾਸੇ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਅਤੇ ਖਰਾਬ ਹੋਏ ਕੈਮਰਿਆਂ ਨੂੰ ਤੁਰੰਤ ਚਾਲੂ ਕਰਵਾਉਣ। ਉਹਨਾਂ ਕਿਹਾ ਕਿ ਜੰਡਿਆਲਾ ਗੁਰੂ ਕਸਬਾ ਅੰਮ੍ਰਿਤਸਰ ਸ਼ਹਿਰ ਨਾਲ ਲੱਗਦਾ ਹੋਣ ਕਾਰਨ ਲਗਾਤਾਰ ਵਸੋਂ ਅਤੇ ਵਪਾਰ ਪੱਖੋਂ ਵਧ ਰਿਹਾ ਹੈ, ਇਸ ਲਈ ਇਸ ਦੀਆਂ ਲੋੜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਮੀਟਿੰਗ ਵਿੱਚ ਹਾਜ਼ਰ ਸਿੱਖਿਆ ਅਧਿਕਾਰੀ ਜਿਨਾਂ ਵਿੱਚ ਡੀਈਓ ਸੈਕੈਂਡਰੀ ਅਤੇ ਐਲੀਮੈਂਟਰੀ ਸ਼ਾਮਿਲ ਸਨ ਨਾਲ ਕੈਬਨਟ ਮੰਤਰੀ ਨੇ ਜੰਡਿਆਲਾ ਗੁਰੂ ਹਲਕੇ ਦੇ ਸਕੂਲਾਂ ‘ਚ ਵਿਦਿਆਰਥੀਆਂ ਦੀ ਦਾਖਲਾ ਸਥਿਤੀ ਅਤੇ ਵਾਧੇ ਸੰਬੰਧੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਸਿੱਖਿਆ ਖੇਤਰ ‘ਚ ਨਿਰੰਤਰ ਸੁਧਾਰ ਤੇ ਹਰੇਕ ਬੱਚੇ ਦੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਣਾ ਹੀ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਇਸ ਟੀਚੇ ਦੀ ਪੂਰਤੀ ਲਈ ਸਾਰਾ ਵਿਭਾਗ ਕੰਮ ਕਰੇ।
ਕੈਪਸਨ
ਜੰਡਿਆਲਾ ਗੁਰੂ ਦੇ ਵਿਕਾਸ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ।