Advertisement

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਅਸਥਾਨ ਦੇ ਸੁੰਦਰੀਕਰਨ, ਬਹੁਪੱਖੀ ਵਿਕਾਸ ਲਈ 25 ਕਰੋੜ ਰੁਪਏ ਖਰਚ ਹੋਣਗੇ- ਈਟੀਓ, ਕੁਲਦੀਪ ਧਾਲੀਵਾਲ

ਵਿਧਾਇਕ  ਧਾਲੀਵਾਲ ਦੇ ਬਹੁਪੱਖੀ ਵਿਕਾਸ ਪ੍ਰੋਜੈਕਟ ਨੂੰ ਮੰਤਰੀ ਈਟੀਓ ਨੇ ਦਿੱਤੀ ਪ੍ਰਵਾਣਗੀ

ਮੰਤਰੀ ਈਟੀਓ, ਵਿਧਾਇਕ ਧਾਲੀਵਾਲ ਸਣੇ ਹੋਰ ਸ਼ਖਸ਼ੀਅਤਾਂ ਹੋਈਆਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਅਸਥਾਨ ਵਿਖੇ ਨਤਮਸਤਕ

ਅੰਮ੍ਰਿਤਸਰ/ਅਜਨਾਲਾ/ਗੱਗੋਮਾਹਲ, 23 ਜੁਲਾਈ (ਮੁਨੀਸ਼ ਸ਼ਰਮਾ)- ਅੱਜ ਅਜਨਾਲਾ ਹਲਕੇ ਦੇ ਨਗਰ ਗੱਗੋਮਾਹਲ ‘ਚ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਅਸਥਾਨ ਵਿਖੇ ਨਤਮਸਤਕ ਹੋਣ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਹਿੱਤ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਆਪਣੀ ਧਰਮਪਤਨੀ ਸੁਹਿੰਦਰ ਕੌਰ , ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਣੇ ਪਾਰਟੀ ਦੇ ਪ੍ਰਮੁੱਖ ਆਗੂਆਂ, ਸਰਗਰਮ ਵਲੰਟੀਅਰਾਂ ਨਾਲ ਹਾਜਰੀ ਭਰੀ, ਜਿੱਥੇ ਗੁਰਦੁਆਰਾ ਪ੍ਰਬੰਧਕ ਸਾਹਿਬਾਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਅਤੇ ਇਤਿਹਾਸਕ ਨਗਰ ਗੱਗੋਮਾਹਲ ਬਹੁਪੱਖੀ ਵਿਕਾਸ ਲਈ 25 ਕਰੋੜ ਰੁਪਏ ਦੀ ਉਲੀਕੀ ਗਈ ਪ੍ਰੋਜੈਕਟ ਕਾਰਜਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੂੰ ਕਾਰਜਯੋਜਨਾ ਪੇਸ਼ ਕੀਤੀ ਅਤੇ ਕਿਹਾ ਕਿ ਚਾਂਦਨੀ ਚੌਂਕ ਦਿੱਲੀ ਤੋਂ ਹਿੰਦ ਦੀ ਚਾਦਰ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੇ ਮਹਾਨ ਯੋਧਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਇਸ ਜਨਮ ਅਸਥਾਨ ਦੇ ਵਿਕਾਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਈ ਖਾਸ ਦਿਲਚਸਪੀ ਨਹੀਂ ਲਈ ਗਈ, ਸਗੋਂ ਕਾਰਸੇਵਾ ਵਾਲੇ ਬਾਬਾ ਹਰਭਜਨ ਸਿੰਘ ਭਲਵਾਨ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਾਰਸੇਵਾ ‘ਚ ਇਸ ਗੁਰਦੁਆਰਾ ਸਾਹਿਬ ਦੀਆਂ ਸੁੰਦਰ ਇਮਾਰਤਾਂ ਦਾ ਨਿਰਮਾਣ ਹੋਇਆ ਹੈ। ਜਿਸ ਦੇ ਮੱਦੇਨਜ਼ਰ ਉਹ (ਸ: ਧਾਲੀਵਾਲ) ਨਿੱਜੀ ਤੌਰ ਤੇ ਬਾਬਾ ਹਰਭਜਨ ਸਿੰਘ ਭਲਵਾਨ ਜੀ ਦੀਆਂ ਕਾਰਸੇਵਾ ਸੇਵਾਵਾਂ ਨੂੰ ਸਲੂਟ ਕਰਦੇ ਹਨ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ: ਹਰਭਜਨ ਸਿੰਘ ਈਟੀਓ ਹੁਰਾਂ ਨੇ ਉਕਤ 25 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਪ੍ਰਵਾਣ ਕਰਕੇ ਅਮਲੀ ਜਾਮਾ ਪਹਿਨਾਉਣ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਨੇਪੜੇ ਚਾੜਣ ਮੌਕੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦਾ ਸਿੱਖ ਵਿਦਵਾਨ ਇਮਾਰਤਸਾਜਾਂ ਕੋਲੋਂ ਤਕਨੀਕੀ ਨੁਕਤਿਆਂ ਦੇ ਅਧਾਰ ਤੇ ਸ਼ਰਧਾ ਨਾਲ ਸੁੰਦਰੀਕਰਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਿਉਰੇ ਤੇ ਅਧਾਰਿਤ ਪੁਸਤਕਾਂ ਦੀ ਲਾਇਬ੍ਰੇਰੀ ਤੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਸੰਬੰਧੀ ਵਿਦਵਾਨਾਂ ਕੋਲੋਂ ਖੋਜ਼ ਵੀ ਕਰਵਾਈ ਜਾਵੇਗੀ ਅਤੇ ਇਤਿਹਾਸਕ ਨਗਰੀ ਗੱਗੋਮਾਹਲ ਦਾ ਵੀ ਬਹੁਪੱਖੀ ਵਿਕਾਸ ਪੱਖੋਂ ਸੁੰਦਰੀਕਰਨ ਕੀਤਾ ਜਾਵੇਗਾ। ਮੰਤਰੀ ਸ: ਈਟੀਓ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਅਸਥਾਨ ਦੀ ਮਿਲੀ ਸੇਵਾ ਨੂੰ ਉਹ ਸਿਰਫ ਜਿੰਮੇਵਾਰੀ ਤੱਕ ਨਹੀਂ ਸੀਮਤ ਰੱਖਦੇ ਸਗੋਂ ਉਨ੍ਹਾਂ ਦੇ ਧੰਨਭਾਗ ਹਨ ਕਿ ਉਨ੍ਹਾਂ ਨੂੰ ਇਸ ਮਹਾਨ ਜਨਮ ਅਸਥਾਨ ਦੀ ਸੇਵਾ ਕਰਨ ਦਾ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਮੌਕਾ ਮਿਲ ਰਿਹਾ ਹੈ। ਉਨ੍ਹਾਂ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸੂਰਬੀਰਤਾ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੇ ਵੱਡ ਵੱਢੇਰੇ ਭਾਈ ਕਲਿਆਨ ਸਿੰਘ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਕਸਬਾ ਕੱਥੂਨੰਗਲ ਤੋਂ ਸ਼ੁਰੂ ਕੀਤੀ ਗਈ ਬੇਦਾਗ ਤੇ ਅਟੱੁਟਵੀਂ ਸੇਵਾ 11 ਨਵੰਬਰ 1675 ਨੂੰ ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਦੌਰਾਨ ਆਪਣੇ ਪਿਤਾ ਭਾਈ ਸਦਾਨੰਦ ਦੇ ਸੀਸ ਦੀ ਕੁਰਬਾਨੀ ਦੇ ਕੇ ਉਸੇ ਰਾਤ ਨੌਵੇਂ ਪਾਤਿਸ਼ਾਹ ਜੀ ਦਾ ਸ਼ੀਸ ਚੁੱਕ ਕੇ ਕਠਿਨ ਜੰਗਲੀ ਰਸਤਾ ਤੇਅ ਕਰਕੇ 14 ਨਵੰਬਰ 1675 ਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਜਦਾ ਕੀਤਾ ਸੀ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸ: ਜਸਵੰਤ ਸਿੰਘ ਭਲਵਤਨ ਸਰਪੰਚ ਗੱਗੋਮਾਹਲ , ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ , ਸ਼ਹਿਰੀ ਪ੍ਰਧਾਨ ਅਮਿਤ ਔਲ, ਐਸਡੀਓ ਮਨਜਿੰਦਰ ਸਿੰਘ ਮੱਤੇਨੰਗਲ, ਸਮੇਤ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਮੌਜੂਦ ਸਨ।

ਕੈਪਸ਼ਨ 1: ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਅਸਥਾਨ, ਗੱਗੋਮਾਹਲ ਵਿਖੇ ਨਤਮਸਤਕ ਹੋਣ ਸਮੇਂ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ, ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਤੇ ਹੋਰ।

ਕੈਪਸ਼ਨ 2: ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਅਸਥਾਨ, ਗੱਗੋਮਾਹਲ ਵਿਖੇ ਨਤਮਸਤਕ ਹੋਣ ਸਮੇਂ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ, ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਤੇ ਹੋਰਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।

Majha Mail