ਸੈਲਾਨੀਆਂ ਲਈ ਵਿਕਸਿਤ ਕੀਤੀਆਂ ਜਾਣਗੀਆਂ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ
ਅੰਮ੍ਰਿਤਸਰ, 26 ਜੁਲਾਈ (ਮੁਨੀਸ਼ ਸ਼ਰਮਾ) : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਰਾਜ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਭਾਰਤ ਪਾਕਿਸਤਾਨ ਸਰਹੱਦ ਉੱਤੇ ਰੀ ਟਰੀਟ ਵੇਖਣ ਲਈ ਜਾਂਦੇ ਲੱਖਾਂ ਸੈਲਾਨੀਆਂ ਦੀ ਸਹੂਲਤ ਵਿੱਚ ਵਾਧਾ ਕਰਨ ਲਈ ਸਰਕਾਰ ਵੱਲੋਂ 25 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਨਾਲ ਅਟਾਰੀ ਸਰਹੱਦ ‘ਤੇ ਸੈਲਾਨੀਆਂ ਲਈ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਭਾਰਤ ਦੇ ਸਭ ਤੋਂ ਸੈਲਾਨੀ ਖਿੱਚਣ ਵਾਲੇ ਸਥਾਨਾਂ ਵਿੱਚੋਂ ਇੱਕ ਅਟਾਰੀ ਸਰਹੱਦ, ਵਿਖੇ ਸੈਲਾਨੀਆਂ ਦੇ ਘੁੰਮਣ ਫਿਰਨ ਦੇ ਅਨੁਭਵ ਵਿੱਚ ਵਾਧਾ ਕਰਨ ਅਤੇ ਸਹੂਲਤਾਂ ਦੇਣ ਲਈ ਸੈਰ-ਸਪਾਟਾ ਮੰਤਰਾਲੇ ਨੇ ਸਵਦੇਸ਼ ਦਰਸ਼ਨ 2.0 ਯੋਜਨਾ ਤਹਿਤ ਇਸ ਪ੍ਰੋਜੈਕਟ ਨੂੰ ਮਨਜ਼ੂਰ ਕੀਤਾ ਹੈ। ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਹੈਰੀਟੇਜ ਐਂਡ ਟੂਰਿਜਮ ਪ੍ਰਮੋਸ਼ਨ ਬੋਰਡ ਦੁਆਰਾ ਸੀਮਾ ਸੁਰੱਖਿਆ ਬਲ ਅਤੇ ਰਾਸ਼ਟਰੀ ਰਾਜਮਾਰਗ ਅਥਾਰਟੀ ਆਫ਼ ਇੰਡੀਆ ਦੇ ਤਾਲਮੇਲ ਨਾਲ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਲਈ ਨਿਰਮਾਣ ਪ੍ਰਵੇਸ਼ ਦੁਆਰ ਤੋਂ ਸ਼ੁਰੂ ਹੋਵੇਗਾ ਅਤੇ ਸਰਹੱਦ ਤੱਕ ਇਸ ਦਾ ਵਿਸਥਾਰ ਕੀਤਾ ਜਾਵੇਗਾ, ਜਿਸਦਾ ਕੁੱਲ ਬਜਟ ₹24.65 ਕਰੋੜ ਹੈ। ਇਹ ਪ੍ਰੋਜੈਕਟ 9 ਮਹੀਨਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ, ਜਿਸਦੀ ਦੇਖਭਾਲ ਅਗਲੇ 5 ਸਾਲਾਂ ਲਈ ਸਬੰਧਤ ਏਜੰਸੀ ਦੁਆਰਾ ਹੀ ਕੀਤੀ ਜਾਵੇਗੀ।
ਉਸਨੇ ਜ਼ਿਕਰ ਕੀਤਾ ਕਿ ਪ੍ਰੋਜੈਕਟ ਅਧੀਨ ਕੀਤੇ ਜਾਣ ਵਾਲੇ ਕੰਮਾਂ ਵਿੱਚ ਵਿੱਚ ਵਿਸ਼ਾਲ ਦਰਸ਼ਨੀ ਗੇਟ, ਵਾਹਨ ਚੈੱਕ ਪੋਸਟ, ਟੂਰਿਸਟ ਸੂਚਨਾ ਕੇਂਦਰ, ਸਹੂਲਤਾਂ ਵਾਲਾ ਛਾਂਦਾਰ ਰਸਤਾ, ਆਧੁਨਿਕ ਗੈਲਰੀ, ਸੁਰੱਖਿਆ ਜਾਂਚ ਬੁਨਿਆਦੀ ਢਾਂਚਾ ਅਤੇ ਐਡਵੈਂਚਰ ਜ਼ੋਨ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰੋਜੈਕਟ ਅਟਾਰੀ ਸਰਹੱਦ ‘ਤੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਹੋਣ ਵਾਲੇ ਰੀ ਟਰੀਟ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ। ਉਹਨਾਂ ਕਿਹਾ ਕਿ ਇਸਦਾ ਉਦੇਸ਼ ਸੈਲਾਨੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ, ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਵਧੇਰੇ ਆਰਾਮਦਾਇਕ, ਜਾਣਕਾਰੀ ਭਰਪੂਰ ਅਤੇ ਦਿਲਚਸਪ ਸੈਲਾਨੀ ਅਨੁਭਵ ਨੂੰ ਯਕੀਨੀ ਬਣਾਉਣਾ ਹੈ।