ਅੰਮ੍ਰਿਤਸਰ, 24 ਜੁਲਾਈ: (ਮੁਨੀਸ਼ ਸ਼ਰਮਾ) : ਮੀਂਹ ਪੈਣ ਕਾਰਨ ਅਜਨਾਲਾ ਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਂਦਾ ਸੀ ਅਤੇ ਸੜਕਾਂ ਬੰਦ ਹੋਣ ਨਾਲ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਸੀ ਪ੍ਰੰਤੂ ਕਿਸਾਨਾਂ ਦੀਆਂ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ 10 ਤੋਂ ਵਧੇਰੇ ਡਰੇਨਾਂ ਤੇ ਪੁਲਾਂ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਹਲਕਾ ਵਿਧਾਇਕ ਅਜਨਾਲਾ ਨੇ ਅੱਜ ਪਿੰਡ ਸੁਰਾਪੁਰ, ਤੇੜਾ ਅਤੇ ਹੋਰ ਵੱਖ ਵੱਖ ਪਿੰਡਾਂ ਵਿੱਚ ਮੀਂਹ ਕਰਕੇ ਹੋਏ ਨੁਕਸਾਨ ਦਾ ਜਾਇਜਾ ਲੈਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਰਵੇਖਣ ਕਰਕੇ 10 ਤੋਂ ਵਧੇਰੇ ਥਾਂਵਾਂ ਤੇ ਪੁੱਲ ਬਣਾਉਣ ਜਾ ਰਹੇ ਹਾਂ ਤਾਂ ਜੋ ਮੀਂਹ ਵਿੱਚ ਰਸਤਾ ਬੰਦ ਨਾ ਹੋਵੇ ਅਤੇ ਨਾ ਹੀ ਖੇਤਾਂ ਵਿੱਚ ਪਾਣੀ ਭਰਨ ਨਾਲ ਫਸਲਾਂ ਦਾ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਖੜੀ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਅਜਨਾਲਾ ਹਲਕੇ ਦੇ 12 ਪਿੰਡਾਂ ਵਿੱਚ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ ਜਿਥੇ ਦੇਸ਼ ਲਈ ਖੇਡ ਚੁੱਕੇ ਹੋਏ ਖਿਡਾਰੀਆਂ ਨੂੰ ਨੌਜਵਾਨਾਂ ਦੀ ਕੋਚਿੰਗ ਲਈ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਨਰਸਰੀ ਵੀ ਤਿਆਰ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਹੋਰ ਚੰਗੇ ਖਿਡਾਰੀ ਤਿਆਰ ਹੋ ਸਕਣ।
——
ਕੈਪਸ਼ਨ
ਕੁਲਦੀਪ ਸਿੰਘ ਧਾਲੀਵਾਲ ਹਲਕਾ ਵਿਧਾਇਕ ਅਜਨਾਲਾ ਡਰੇਨ ਵਿਭਾਗ ਦੇ ਅਧਿਕਾਰੀਆਂ ਨਾਲ ਪੁਲਾਂ ਦੇ ਨਿਰਮਾਣ ਲਈ ਜਾਇਜਾ ਲੈਂਦੇ ਹੋਏ।